ਕੁੱਟਮਾਰ ਤੇ ਡਿਊਟੀ ’ਚ ਵਿਘਨ ਪਾਉਣ ’ਤੇ ਔਰਤ ਸਣੇ 7 ਨਾਮਜ਼ਦ
ਕੁੱਟਮਾਰ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲਿਆਂ
Publish Date: Sun, 10 May 2026 05:33 PM (IST)
Updated Date: Mon, 11 May 2026 04:04 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਹੋਈ ਕੁੱਟਮਾਰ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲਿਆਂ ਵਿਚ ਔਰਤ ਸਮੇਤ 7 ਵਿਅਕਤੀਆਂ ਖਿਲਾਫ ਪਰਚੇ ਦਰਜ ਕੀਤੇ ਹਨ। ਪੁਲਿਸ ਵੱਲੋਂ ਦਰਜ ਮਾਮਲਿਆਂ ਵਿਚ ਪੁਰਾਣੀ ਰੰਜਿਸ਼, ਜ਼ਮੀਨੀ ਝਗੜਾ ਤੇ ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ਸ਼ਾਮਲ ਹਨ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਕੁੱਟਮਾਰ ਦੇ ਇਕ ਮਾਮਲੇ ਵਿਚ ਗੁਰਾਜੀਤ ਸਿੰਘ, ਗੁਰਜੀਤ ਸਿੰਘ ਤੇ ਸੁਖਵੀਰ ਸਿੰਘ ਵਾਸੀ ਤਿਉਣਾ ਪੁਜਾਰੀਆ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਾਮ ਸਿੰਘ ਨੇ ਦੱਸਿਆ ਕਿ ਹਾਕਮ ਸਿੰਘ ਵਾਸੀ ਤਿਉਣਾ ਪੁਜਾਰੀਆ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੁਰਾਣੀ ਰੰਜਿਸ਼ ਅਤੇ ਜ਼ਮੀਨੀ ਝਗੜੇ ਦੇ ਚਲਦਿਆਂ ਕਥਿਤ ਦੋਸ਼ੀਆਂ ਨੇ ਉਸਦੀ ਅਤੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ’ਤੇ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਸਹਾਇਕ ਥਾਣੇਦਾਰ ਜਗਸੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਕਾਸੋ ਅਪਰੇਸ਼ਨ ਸਬੰਧੀ ਪਿੰਡ ਚੱਠੇਵਾਲਾ ਵਿਖੇ ਗਈ ਹੋਈ ਸੀ। ਇਸ ਦੌਰਾਨ ਜਗਸੀਰ ਸਿੰਘ, ਰਣਧੀਰ ਸਿੰਘ, ਕਰਮਜੀਤ ਕੌਰ ਅਤੇ ਮਿੱਠੂ ਸਿੰਘ ਵਾਸੀ ਚਠੇਵਾਲਾ ਨੇ ਪੁਲਿਸ ਨਾਲ ਧੱਕਾਮੁੱਕੀ ਤੇ ਕੁੱਟਮਾਰ ਕੀਤੀ। ਪੀੜਤ ਮੁਲਾਜ਼ਮਾਂ ਅਨੁਸਾਰ ਕਥਿਤ ਦੋਸ਼ੀਆਂ ਨੇ ਇਕ ਕਾਬੂ ਵਿਅਕਤੀ ਨੂੰ ਵੀ ਮੌਕੇ ਤੋਂ ਭਜਾ ਦਿੱਤਾ। ਕੁੱਟਮਾਰ ਦਾ ਸ਼ਿਕਾਰ ਹੋਏ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਥਾਣਾ ਤਲਵੰਡੀ ਸਾਬੋ ਵਿਖੇ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ ’ਚ ਥਾਣਾ ਸੰਗਤ ਦੀ ਪੁਲਿਸ ਨੇ ਰੰਜਿਸ਼ਨ ਹੋਈ ਕੁੱਟਮਾਰ ਦੇ ਮਾਮਲੇ ’ਚ ਜੱਸਾ ਸਿੰਘ, ਜੱਗਾ ਸਿੰਘ ਤੇ ਪੋਪੀ ਸਿੰਘ ਵਾਸੀ ਬਾਡੀ ਖਿਲਾਫ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਮਿਲਖਜੀਤ ਸਿੰਘ ਵਾਸੀ ਬਾਡੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 6 ਮਈ ਨੂੰ ਕਥਿਤ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।