ਭਾਜਪਾ ਖਿਲਾਫ਼ ਬਿਆਨਬਾਜੀ ਮੁੱਖ ਮੰਤਰੀ ਮਾਨ 'ਚ ਬੁਖ਼ਾਲਾਹਟ-ਗੁਰਪ੍ਰੀਤ ਮਲੂਕਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਬੀਤੇ ਦਿਨ ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹੇ ’ਚ ਹੋਏ ਧਮਾਕਿਆਂ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਦਾ ਭਾਜਪਾ ਦੀ ਸਮੁੱਚੀ ਜਥੇਬੰਦੀ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ। ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਇਸ ਮਾਮਲੇ 'ਚ ਮੁੱਖ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦੇ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਭਾਜਪਾ ’ਤੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਝੂਠ ਦਾ ਪਰਦਾਫਾਸ਼ ਸੂਬੇ ਦੇ ਡੀਜੀਪੀ ਦੇ ਬਿਆਨਾਂ ਨੇ ਹੀ ਕਰ ਦਿੱਤਾ। ਡੀਜੀਪੀ ਨੇ ਇਨ੍ਹਾਂ ਧਮਾਕਿਆਂ ਲਈ ਗੁਆਂਢੀ ਮੁਲਕ ਪਾਕਿਸਤਾਨ ਦੇ ਹੱਥ ਹੋਣ ਦੀ ਗੱਲ ਕਹੀ ਹੈ, ਅਸਲ ਵਿਚ ਮੁੱਖ ਮੰਤਰੀ ਸੂਬੇ 'ਚ ਅਮਨ ਕਨੂੰਨ ਦੀ ਸਥਿਤੀ ਨਾਲ ਨਜਿੱਠਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਸੂਬੇ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਧਮਾਕੇ ਹੋ ਰਹੇ ਹਨ ਸੂਬੇ ਦੀ ਪੁਲਿਸ ਆਪਣੀ ਸੁਰੱਖਿਆ ਵੀ ਯਕੀਨੀ ਨਹੀਂ ਬਣਾ ਸਕੀ ਤੇ ਪੁਲਿਸ ਦੇ ਥਾਣਿਆਂ ਦੇ ਬਾਹਰ ਲਗਾਤਾਰ ਧਮਾਕੇ ਹੋਏ ਹਨ। ਅਮਨ ਕਾਨੂੰਨ ਦੇ ਨਾਲ-ਨਾਲ ਆਰਥਿਕ ਮੁਹਾਜ ’ਤੇ ਵੀ ਸੂਬਾ ਸਰਕਾਰ ਫਲਾਪ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਦੇਸ਼ ਭਰ ਵਿਚ ਆਪਣਾ ਪ੍ਰਚਾਰ ਕਰਨ ਲਈ ਪੰਜਾਬ ਦੇ ਖਜਾਨੇ ਦੀ ਰੱਜ ਕੇ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ ਸਰਕਾਰ ਉੱਚ ਅਦਾਲਤ ਦੇ ਹੁਕਮ ਜਾਰੀ ਹੋਣ ਤੀ ਬਾਅਦ ਵੀ ਮੁਲਾਜ਼ਮਾਂ ਦਾ ਡੀਏ ਨਹੀਂ ਦੇ ਰਹੀ।
ਉਨ੍ਹਾਂ ਦੱਸਿਆ ਕਿ ਇਸ ਮਹੀਨੇ ਸਰਕਾਰ ਸੇਵਾਮੁਕਤ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਵੀ ਜਾਰੀ ਨਹੀਂ ਕਰ ਰਹੀ। ਭਾਜਪਾ ਆਗੂ ਗੁਰਪ੍ਰੀਤ ਮਲੂਕਾ ਨੇ ਦਾਅਵਾ ਕੀਤਾ ਕਿ ਸੂਬੇ ਦੀ ਪਤਲੀ ਆਰਥਿਕ ਹਾਲਤ ਤੇ ਦਿਨੋਂ-ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨਾਲ ਸੂਬੇ ਦੇ ਮੁੱਖ ਮੰਤਰੀ ਬੁਖਲਾਹਟ ਵਿਚ ਹਨ ਅਤੇ ਮੁੱਖ ਮੰਤਰੀ ਵੱਲੋਂ ਭਾਜਪਾ ਵਿਰੁੱਧ ਕੀਤੀ ਬਿਆਨਬਾਜ਼ੀ ਉਨ੍ਹਾਂ ਦੀ ਬੁਖਲਾਹਟ ਦਾ ਹੀ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਹਾਈਕਮਾਂਡ ਵੱਲੋਂ ਇਸਦਾ ਸਖਤ ਨੋਟਿਸ ਲੈ ਕੇ ਮੁੱਖ ਮੰਤਰੀ ਵਿਰੁੱਧ ਮਾਣ-ਹਾਣੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ, ਮਹਿਲਾ ਵਿੰਗ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ੍ਹ, ਜਰਨਲ ਸਕੱਤਰ ਚੰਦਨ ਕਾਂਤ, ਮੇਜਰ ਸਿੰਘ ਬਰਾੜ ਘੱਟ ਗਿਣਤੀ ਵਿੰਗ, ਭਾਰਤ ਭੂਸ਼ਨ ਜੈਨ ਯੁਵਾ ਵਿੰਗ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ ਜਰਨਲ ਸਕੱਤਰ, ਕਰਮਪਾਲ ਭੁੱਲਰ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਮੁੱਖ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ।