ਬੀਸੀਐੱਲ ਇੰਡਸਟਰੀ ਦੇ ਡਿਸਟਿੱਲਰੀ ਯੂਨਿਟ ਵਿਖੇ ਸੁਰੱਖਿਆ ਬਾਰੇ ਕੀਤਾ ਜਾਗਰੂਕ
ਬੀਸੀਐੱਲ ਇੰਡਸਟਰੀ ਦੇ ਡਿਸਟਿੱਲਰੀ ਯੂਨਿਟ ਵਿਖੇ
Publish Date: Sat, 09 May 2026 07:57 PM (IST)
Updated Date: Sun, 10 May 2026 04:12 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ
ਬੀਸੀਐੱਲ ਇੰਡਸਟਰੀਜ਼ ਲਿਮਟਿਡ ਦੇ ਸੰਗਤ ਵਿਖੇ ਸਥਿਤ ਡਿਸਟਿੱਲਰੀ ਯੂਨਿਟ ਵਿਚ ਇਕ ਵਿਸ਼ੇਸ਼ ਉਦਯੋਗਿਕ ਸੁਰੱਖਿਆ ਅਤੇ ਕਿੱਤਾਮੁਖੀ ਸਿਹਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡਾਇਰੈਕਟਰ ਆਫ਼ ਫੈਕਟਰੀਜ਼ ਦੀ ਅਗਵਾਈ ਹੇਠ ਐਨਡੀਆਰਐੱਫ ਦੀ 7ਵੀਂ ਬਟਾਲੀਅਨ ਦੀ ਵਿਸ਼ੇਸ਼ ਟੀਮ ਵੱਲੋਂ ਉਦਯੋਗਿਕ ਯੂਨਿਟ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਸਿਖਲਾਈ ਸੈਸ਼ਨ ਦੌਰਾਨ ਐੱਨਡੀਆਰਐੱਫ ਦੇ ਸਬ-ਇੰਸਪੈਕਟਰ ਨਿਤਿਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਮਚਾਰੀਆਂ ਨੂੰ ਕਿਸੇ ਵੀ ਖਤਰਨਾਕ ਸਥਿਤੀ ਨਾਲ ਨਿਪਟਣ ਅਤੇ ਸੁਰੱਖਿਆ ਬਣਾਈ ਰੱਖਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਐਨਡੀਆਰਐੱਫ ਤੇ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਮਿਲ ਕੇ ਕਈ ਸੁਰੱਖਿਆ ਪ੍ਰੋਗਰਾਮ ਪ੍ਰੈਕਟਿਕਲ ਤੌਰ ’ਤੇ ਵੀ ਕੀਤੇ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਡਾ. ਵਿਸ਼ਾਲ ਸਿੰਗਲਾ ਵੱਲੋਂ ਫੈਕਟਰੀ ਅੰਦਰ ਕਰਮਚਾਰੀਆਂ ਦੀ ਸੁਰੱਖਿਆ ਅਤੇ ਕਿੱਤਾਮੁਖੀ ਸਿਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਅਗਲੇ ਸੈਸ਼ਨ ਦੌਰਾਨ ਸਿਵਲ ਡਿਫੈਂਸ ਬਠਿੰਡਾ ਤੋਂ ਪਹੁੰਚੇ ਡਿਪਟੀ ਚੀਫ਼ ਵਾਰਡਨ ਨਰਿੰਦਰ ਬੱਸੀ ਵੱਲੋਂ ਕਰਮਚਾਰੀਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਐੱਚਆਈਵੀ ਅਤੇ ਨਸ਼ਿਆਂ ਵਰਗੇ ਵਿਸ਼ਿਆਂ ‘ਤੇ ਵੀ ਵਿਸਥਾਰਪੂਰਵਕ ਲੈਕਚਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਹਿੱਸਾ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਸੇਫਟੀ ਕੌਂਸਲ ਆਫ਼ ਪੰਜਾਬ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ। ਇਸ ਤੋਂ ਬਾਅਦ ਕੰਪਨੀ ਦੇ ਸੀਨੀਅਰ ਜੀਐੱਮ ਐੱਸਐੱਸ ਸੰਧੂ ਵੱਲੋਂ ਐਨਡੀਆਰਐੱਫ ਟੀਮ ਅਤੇ ਹੋਰ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਫੈਕਟਰੀ ਮੈਨੇਜਰ ਅਵਨੀਸ਼ ਰਾਓ, ਸਹਾਇਕ ਮੈਨੇਜਰ ਸੁਖਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਡਾ. ਗੁਰਪ੍ਰੀਤ ਸ਼ਰਮਾ ਵੀ ਹਾਜ਼ਰ ਸਨ।