ਅਪ੍ਰੈਲ ਮਹੀਨੇ ਦੀ ਪੈਨਸ਼ਨ ਰੋਕਣ ਕਾਰਨ ਪੈਨਸ਼ਨਰਾਂ ’ਚ ਰੋਸ
ਅਪ੍ਰੈਲ ਮਹੀਨੇ ਦੀ ਪੈਨਸ਼ਨ ਰੋਕਣ ਕਾਰਨ ਪੈਨਸ਼ਨਰਾਂ ’ਚ ਰੋਸ
Publish Date: Sat, 09 May 2026 07:43 PM (IST)
Updated Date: Sun, 10 May 2026 04:12 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਪੰਜਾਬ ਪ੍ਰੋਗਰੈਸਿਵ ਅਲਾਇੰਸ ਦੇ ਮੈਂਬਰਾਂ ਦੀ ਮੀਟਿੰਗ ਅਲਾਇੰਸ ਦੇ ਕਨਵੀਨਰ ਗੋਬਿੰਦ ਸਿੰਘ ਕਾਨੂੰਗੋ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਇੰਜ. ਬਲਬੀਰ ਸਿੰਘ ਐਕਸੀਅਨ ਮੋਹਾਲੀ, ਜੀਸੀ ਸੱਲਣ ਚੇਅਰਮੈਨ ਪ੍ਰੋਗਰੈਸਿਵ ਸਟਰਗਲ ਫਰੰਟ ਪੰਜਾਬ, ਇੰਜ. ਸੁਰਿੰਦਰ ਸਿੰਘ ਭਿੰਡਰ ਪੰਜਾਬ ਪ੍ਰਧਾਨ ਅਧਿਕਾਰ ਸੰਘਰਸ਼ ਪਾਰਟੀ, ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈਰੂਪਾ ਅਸਪਾ ਤੇ ਅਲਾਇੰਸ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ. ਗੁਰਬਖਸ਼ ਸਿੰਘ ਸ਼ੇਰਗਿੱਲ ਅਤੇ ਪੰਜਾਬ ਪ੍ਰਧਾਨ ਇੰਜ. ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵੱਲੋਂ ਫੰਡਾਂ ਦੀ ਘਾਟ ਕਾਰਨ ਪੈਨਸ਼ਨਰਜ਼ ਦੀ ਅਪ੍ਰੈਲ ਮਹੀਨੇ ਪੈਨਸ਼ਨ ਰੋਕੀ ਗਈ ਹੈ। ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਪੋਸਟਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੈਂਕਾਂ ਨੂੰ ਅਦਾਇਗੀ ਨਾ ਕਰਨ ਕਰਕੇ 400 ਕਰੋੜ ਰੁਪਏ ਦੀ ਓਵਰ ਡਰਾਫਟਿੰਗ ਹੋ ਜਾਣ ਕਰਕੇ ਬੈਂਕਾਂ ਨੇ ਮੁਲਾਜ਼ਮਾਂ ਦੇ ਖਾਤੇ ਵਿਚ ਪੈਨਸ਼ਨ ਨਹੀਂ ਪਾਈ। ਘਟੀਆ ਪ੍ਰਬੰਧਾਂ ਕਾਰਨ ਸਰਕਾਰ ਵੱਲੋਂ ਡੀਏ ਅਤੇ ਤਨਖਾਹਾਂ ਦਾ ਏਰੀਅਰ ਪਹਿਲਾਂ ਹੀ ਰੋਕ ਰੱਖਿਆ ਹੈ। ਇੰਜ ਸ਼ੇਰਗਿੱਲ ਅਤੇ ਇੰਜ ਬਲਬੀਰ ਸਿੰਘ ਮੁਹਾਲੀ ਨੇ ਕਿਹਾ ਕਿ ਸਰਕਾਰ ਚਲਾ ਰਹੇ ਲੋਕ ਸਰਕਾਰੀ ਖਜ਼ਾਨੇ ਨੂੰ ਭਰਨ ਦੀ ਬਜਾਏ ਆਪਣੇ ਘਰ ਭਰਨ ਅਤੇ ਕੁਨਬੇ ਪਾਲਣ ਨੂੰ ਪਹਿਲ ਦੇ ਰਹੇ ਹਨ । ਆਪ ਸਰਕਾਰ ਦੇ ਘੱਟੀਆ ਪ੍ਰਬੰਧ ਕਾਰਨ ਪੈਨਸ਼ਨਰ ਖੱਜਲ ਖੁਆਰ ਹੋ ਰਹੇ ਹਨ। ਪੰਜਾਬ ਪ੍ਰੋਗਰੈਸਿਵ ਅਲਾਇੰਸ ਦੇ ਮੈਂਬਰਾਂ ਆਪਣੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਇੰਜ ਐਸਐਸ ਭਿੰਡਰ, ਮੱਖਣ ਸਿੰਘ ਭਾਈਰੂਪਾ ਅਤੇ ਇੰਜ. ਬਲਬੀਰ ਸਿੰਘ ਮੁਹਾਲੀ ਨੇ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ ਰੋਕੀ ਹੋਈ ਪੈਨਸ਼ਨ ਰਿਲੀਜ਼ ਨਾ ਕੀਤੀ ਤਾਂ ਪੰਜਾਬ ਪ੍ਰੋਗਰੈਸਿਵ ਅਲਾਇੰਸ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।