ਸਰਾਫਾ ਵਪਾਰੀਆਂ ਨੇ ਏਸੀਈਟੀ ਨਾਲ ਮੀਟਿੰਗ ਉਪਰੰਤ ਖੋਲ੍ਹੀਆਂ ਦੁਕਾਨਾਂ
ਲਾਪਰਵਾਹੀ: ਸਟਰੀਟ ਲਾਈਟਾਂ ਦੇ ਖੁੱਲ੍ਹੇ ਬਕਸਿਆਂ ‘ਚ ਨੰਗੀਆਂ ਤਾਰਾਂ ਬਣੀਆਂ ਹਾਦਸਿਆਂ ਦਾ ਕਾਰਨ
Publish Date: Sat, 09 May 2026 06:05 PM (IST)
Updated Date: Sun, 10 May 2026 04:06 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜੀਐਸਟੀ ਵਿਭਾਗ ਵੱਲੋਂ ਸ਼ਹਿਰ ਦੇ ਤਿੰਨ ਜਵੈਲਰਾਂ ਦੀਆਂ ਦੁਕਾਨਾਂ ‘ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਸਰਾਫਾ ਐਸੋਸੀਏਸ਼ਨ, ਪੰਜਾਬ ਸਵਰਨਕਾਰ ਸੰਘ ਅਤੇ ਬਠਿੰਡਾ ਵਪਾਰ ਮੰਡਲ ਦੇ ਮੈਂਬਰਾਂ ਨੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ (ਏਸੀਈਟੀ) ਪ੍ਰਭਦੀਪ ਕੌਰ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਪਾਰੀਆਂ ਨੇ ਵਿਭਾਗੀ ਕਾਰਵਾਈ ਸਬੰਧੀ ਆਪਣੀਆਂ ਚਿੰਤਾਵਾਂ ਅਧਿਕਾਰੀਆਂ ਸਾਹਮਣੇ ਰੱਖੀਆਂ। ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਦਰੇਵਜੀਤ ਠਾਕੁਰ (ਮੈਰੀ) ਨੇ ਕਿਹਾ ਕਿ ਜੀਐਸਟੀ ਵਿਭਾਗ ਦੀ ਕਾਰਵਾਈ ਤੋਂ ਬਾਅਦ ਸਰਾਫਾ ਵਪਾਰੀਆਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਸਨ ਅਤੇ ਜਵੈਲਰਾਂ ਦੇ ਫੈਸਲੇ ਤਕ ਦੁਕਾਨਾਂ ਨਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੋਨੇ ਅਤੇ ਚਾਂਦੀ ਦੇ ਵਧ ਰਹੇ ਭਾਅ ਕਾਰਨ ਪਹਿਲਾਂ ਹੀ ਕਾਰੋਬਾਰ ਮੰਦਾ ਚੱਲ ਰਿਹਾ ਹੈ ਅਤੇ ਕਈ ਦੁਕਾਨਦਾਰਾਂ ਲਈ ਖਰਚੇ ਪੂਰੇ ਕਰਨੇ ਮੁਸ਼ਕਿਲ ਹੋ ਰਹੇ ਹਨ। ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜ਼ੀਡੈਂਟ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਟੈਕਸ ਵਿਭਾਗ ਵੱਲੋਂ ਜਵੈਲਰਾਂ ‘ਤੇ ਅਫਸਰੀ ਜਾਂ ਇੰਸਪੈਕਟਰੀ ਦਬਾਅ ਨਹੀਂ ਬਣਾਇਆ ਜਾਣਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਸਰਾਫਾ ਵਪਾਰੀ ਆਪਣੇ ਕਾਰੋਬਾਰ ਅਨੁਸਾਰ ਬਣਦਾ ਜੀਐਸਟੀ ਨਿਯਮਤ ਤੌਰ ‘ਤੇ ਅਦਾ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਟੈਕਸ ਅਦਾਇਗੀ ਜਾਰੀ ਰੱਖਣਗੇ। ਸਾਂਤਮਈ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਏਸੀਈਟੀ ਪ੍ਰਭਦੀਪ ਕੌਰ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਪਾਰੀ ਨੂੰ ਬਿਨਾਂ ਕਾਰਨ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦਾ ਮਕਸਦ ਸਿਰਫ਼ ਵਪਾਰਕ ਟੈਕਸ ਪ੍ਰਣਾਲੀ ਵਿੱਚ ਆ ਰਹੀਆਂ ਗਲਤੀਆਂ ਨੂੰ ਠੀਕ ਕਰਨਾ ਅਤੇ ਵਪਾਰੀਆਂ ਨੂੰ ਜਾਗਰੂਕ ਕਰਨਾ ਹੈ, ਤਾਂ ਜੋ ਭਵਿੱਖ ਵਿੱਚ ਕਾਰੋਬਾਰ ਸਹੀ ਦਿਸ਼ਾ ਵਿੱਚ ਚੱਲ ਸਕੇ। ਉਨ੍ਹਾਂ ਵਿਭਾਗ ਵੱਲੋਂ ਭਵਿੱਖ ਵਿੱਚ ਪੂਰਾ ਸਹਿਯੋਗ ਅਤੇ ਸਹੀ ਵਿਹਾਰ ਦਾ ਭਰੋਸਾ ਵੀ ਦਿਵਾਇਆ, ਜਿਸ ਤੋਂ ਬਾਅਦ ਵਪਾਰੀਆਂ ਨੇ ਸੰਤੁਸ਼ਟੀ ਜਤਾਈ। ਆਪਸੀ ਸਹਿਮਤੀ ਬਣਨ ਤੋਂ ਬਾਅਦ ਜਵੈਲਰਾਂ ਨੇ ਆਪਣੀਆਂ ਦੁਕਾਨਾਂ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਅਤੇ ਸ਼ਹਿਰ ਦੀਆਂ ਦੁਕਾਨਾਂ ਦੁਬਾਰਾ ਖੁੱਲ੍ਹ ਗਈਆਂ। ਮੀਟਿੰਗ ਵਿੱਚ ਦਰੇਵਜੀਤ ਠਾਕੁਰ, ਕਰਤਾਰ ਸਿੰਘ ਜੌੜਾ, ਬਠਿੰਡਾ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ, ਸੈਕਟਰੀ ਪਰਮੋਦ ਜੈਨ, ਸੁਧੀਰ ਜੈਨ, ਸਤਿੰਦਰ ਜੈਨ, ਪਵਨ ਸੇਠੀ, ਰਵੀ ਚਾਵਲਾ, ਮੁਕੇਸ਼ ਸੂਦ, ਤਰਲੋਕ ਸਿੰਘ ਸਮੇਤ ਕਰੀਬ 30 ਮੈਂਬਰ ਹਾਜ਼ਰ ਰਹੇ।