ਬੱਜ਼ਰੀ ਅਤੇ ਲਾਪਰਵਾਹੀ ਨੇ ਖੋਹ ਲਿਆ ਸਿਰ ਤੋਂ ਪਿਤਾ ਦਾ ਸਾਇਆ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਦੀ ਗਣੇਸ਼ਾ ਬਸਤੀ ਦੀ ਗਲੀ ਨੰਬਰ-9 ਵਿੱਚ ਸ਼ੁੱਕਰਵਾਰ ਨੂੰ ਵਾਪਰੇ ਦਰਦਨਾਕ ਹਾਦਸੇ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਸੜਕ ਨਿਰਮਾਣ ਦੌਰਾਨ ਹੋਈ ਕਥਿਤ ਲਾਪਰਵਾਹੀ ਨੇ ਇਕ ਮਾਸੂਮ ਬੇਟੀ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਲਿਆ, ਜਦਕਿ ਉਹ ਖੁਦ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕਾਂ ਦੀਆਂ ਅੱਖਾਂ ਨਮ ਹਨ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਦੁੱਖ ਕਾਰਨ ਪੂਰੇ ਇਲਾਕੇ ਵਿੱਚ ਕਿਸੇ ਘਰ ਚੁੱਲ੍ਹਾ ਤਕ ਨਹੀਂ ਤਪਿਆ। ਪਰ ਦੂਜੇ ਪਾਸੇ ਅਜੇ ਤਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਨੁਮਾਇੰਦੇ ਵੱਲੋਂ ਪਰਿਵਾਰ ਦੀ ਸਾਰ ਨਾ ਲਏ ਜਾਣ ਕਾਰਨ ਲੋਕਾਂ ਵਿਚ ਰੋਸ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਗੁਪਤਾ ਆਪਣੀ 9 ਸਾਲਾ ਬੇਟੀ ਮੰਨਤ ਨੂੰ ਸਕੂਟਰੀ ’ਤੇ ਬੈਠਾ ਕਿਤੇ ਜਾ ਰਿਹਾ ਸੀ। ਜਿਵੇਂ ਹੀ ਉਹ ਗਲੀ ਨੰਬਰ-9 ਵਿੱਚੋਂ ਲੰਘ ਰਹੇ ਸਨ ਤਾਂ ਸੜਕ ’ਤੇ ਖਿਲਰੀ ਪਈ ਬਜਰੀ ਅਤੇ ਇਕ ਘਰ ਦੇ ਬਾਹਰ ਬਣੇ ਰੈਂਪ ਕੋਲ ਉਨ੍ਹਾਂ ਦੀ ਸਕੂਟਰੀ ਅਚਾਨਕ ਸਲਿੱਖ ਕਰ ਗਈ। ਸੰਤੁਲਨ ਵਿਗੜਣ ਕਾਰਨ ਪਿਤਾ ਅਤੇ ਬੇਟੀ ਸੜਕ ਦੇ ਵਿਚਕਾਰ ਜਾ ਡਿੱਗੇ। ਪ੍ਰਤੱਖਦਰਸ਼ੀਆਂ ਮੁਤਾਬਕ ਇਸੇ ਦੌਰਾਨ ਸੜਕ ਨਿਰਮਾਣ ਕੰਮ ਵਿੱਚ ਲੱਗਾ ਰੋਡ ਰੋਲਰ ਪਿੱਛੇ ਵੱਲ ਆ ਰਿਹਾ ਸੀ। ਚਾਲਕ ਨੂੰ ਸੜਕ ‘ਤੇ ਡਿੱਗੇ ਪਿਤਾ-ਧੀ ਨਜ਼ਰ ਨਾ ਆਏ ਅਤੇ ਰੋਡ ਰੋਲਰ ਦੋਵਾਂ ਦੇ ਉੱਪਰੋਂ ਲੰਘ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਿਸ਼ਾਲ ਗੁਪਤਾ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਾਸੂਮ ਬੱਚੀ ਮੰਨਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜ਼ਖ਼ਮੀ ਬੱਚੀ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਏਮਜ਼ ਰੈਫਰ ਕਰ ਦਿੱਤਾ ਗਿਆ।
ਮੁਹੱਲਾ ਵਾਸੀਆਂ ਅਨੁਸਾਰ ਮੰਨਤ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਬਣੀ ਹੋਈ ਹੈ। ਉਸ ਨੂੰ ਹੁਣ ਤਕ ਸੱਤ ਤੋਂ ਅੱਠ ਯੂਨਿਟ ਖੂਨ ਚੜ੍ਹਾਇਆ ਜਾ ਚੁੱਕਾ ਹੈ ਅਤੇ ਉਸ ਦੀਆਂ ਪੱਸਲੀਆਂ ਵੀ ਟੁੱਟ ਚੁੱਕੀਆਂ ਹਨ। ਰੋਡ ਰੋਲਰ ਉਪਰ ਦੀ ਲੰਘਣ ਕਾਰਨ ਉਸਦਾ ਪੂਰਾ ਸਰੀਰ ਪ੍ਰੈਸ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ। ਸਥਾਨਕ ਵਸਨੀਕਾਂ ਦਾ ਦੋਸ਼ ਹੈ ਕਿ ਸੜਕ ਨਿਰਮਾਣ ਦੌਰਾਨ ਸੁਰੱਖਿਆ ਦੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਸਨ। ਨਾ ਤਾਂ ਸੜਕ ਬੰਦ ਕੀਤੀ ਗਈ ਸੀ, ਨਾ ਕੋਈ ਚੇਤਾਵਨੀ ਬੋਰਡ ਲਗਾਇਆ ਗਿਆ ਅਤੇ ਨਾ ਹੀ ਕਿਸੇ ਕਰਮਚਾਰੀ ਨੂੰ ਲੋਕਾਂ ਨੂੰ ਸਾਵਧਾਨ ਕਰਨ ਲਈ ਤਾਇਨਾਤ ਕੀਤਾ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਤਾਂ ਇਹ ਦਰਦਨਾਕ ਹਾਦਸਾ ਟਲ ਸਕਦਾ ਸੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਵਿਸ਼ਾਲ ਗੁਪਤਾ ਬਹੁਤ ਮਿਹਨਤੀ ਅਤੇ ਸ਼ਰੀਫ਼ ਇਨਸਾਨ ਸਨ। ਉਹ ਲਿਫ਼ਾਫੇ ਬਣਾਉਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਸਾਹਮਣੇ ਰੋਜ਼ੀ-ਰੋਟੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਘਰ ਵਿੱਚ ਉਨ੍ਹਾਂ ਦੀ ਬਿਮਾਰ ਮਾਂ ਬਿਸਤਰੇ ‘ਤੇ ਹੈ, ਜਦਕਿ ਪਤਨੀ ਗਹਿਰੇ ਸਦਮੇ ਵਿੱਚ ਹੈ। ਪਰਿਵਾਰ ਕੋਲ ਇਲਾਜ ਲਈ ਵੀ ਪੈਸੇ ਨਹੀਂ ਹਨ। ਲੋਕਾਂ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਰੋਡ ਰੋਲਰ ਦੇ ਮਾਲਕ ਠੇਕੇਦਾਰ ਪਰਿਵਾਰ ਦੀ ਮਦਦ ਕਰਨ ਦੀ ਬਜਾਏ “ਪੈਸੇ ਦੇ ਕੇ ਮਾਮਲਾ ਦਬਾਉਣ” ਦੀ ਕੋਸ਼ਿਸ਼ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੀ ਹੁਣ ਤਕ ਪਰਿਵਾਰ ਦੇ ਨਾਲ ਖੜ੍ਹਾ ਨਜ਼ਰ ਨਹੀਂ ਆਇਆ। ਭਾਵੁਕ ਹੋਏ ਲੋਕਾਂ ਨੇ ਕਿਹਾ, “ਅੱਜ ਇਨਸਾਨੀ ਜਾਨ ਦੀ ਕੀਮਤ ਲਗਾਈ ਜਾ ਰਹੀ ਹੈ। ਮਾਸੂਮ ਬੱਚੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ ਅਤੇ ਪਰਿਵਾਰ ਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ।” ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੰਨਤ ਦਾ ਇਲਾਜ ਸਰਕਾਰੀ ਖਰਚੇ ‘ਤੇ ਕਰਵਾਇਆ ਜਾਵੇ, ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ ਤੇ ਸੜਕ ਉਸਾਰੀ ਦੌਰਾਨ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।