ਆਂਗਨਵਾੜੀ ਮੁਲਾਜ਼ਮਾਂ ਵੱਲੋਂ ਵਿਧਾਇਕ ਖੁੱਡੀਆਂ ਦੀ ਰਿਹਾਇਸ਼ ’ਤੇ ਰੋਸ ਮੁਜ਼ਾਹਰਾ 17 ਨੂੰ
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਵਿਧਾਇਕ ਖੁੱਡੀਆਂ ਦੀ ਰਿਹਾਇਸ਼ ’ਤੇ ਰੋਸ ਪ੍ਰਦਰਸ਼ਨ ਦਾ ਐਲਾਨ
Publish Date: Sat, 09 May 2026 05:36 PM (IST)
Updated Date: Sun, 10 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਤ ਮੰਡੀ : ਬਲਾਕ ਪ੍ਰਧਾਨ ਲਾਭ ਕੌਰ ਪਥਰਾਲਾ ਅਤੇ ਜਰਨਲ ਸਕੱਤਰ ਪਰਮਜੀਤ ਕੌਰ ਚੱਕ ਰੁਲਦੂ ਸਿੰਘ ਵਾਲਾ ਨੇ ਜਾਣਕਾਰੀ ਦਿੱਤੀ ਕਿ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ 17 ਮਈ ਨੂੰ ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇ ਤੇ ਆਂਗਨਵਾੜੀ ਕੇਂਦਰਾਂ ਵਿੱਚੋਂ ਘਟੇ ਬੱਚਿਆਂ ਨੂੰ ਮੁੜ ਕੇਂਦਰਾਂ ’ਚ ਭੇਜਿਆ ਜਾਵੇ। ਆਂਗਨਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਸਰਕਾਰ ਵੱਲੋਂ ਖਰੀਦੇ ਗਏ ਸਮਾਰਟ ਫੋਨ ਤੁਰੰਤ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣ। “ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ” ਤਹਿਤ ਕੰਮ ਕਰਨ ਦੇ ਬਦਲੇ ਵਰਕਰਾਂ ਨੂੰ 200 ਰੁਪਏ ਤੇ ਹੈਲਪਰਾਂ ਨੂੰ 100 ਰੁਪਏ ਦਿੱਤੇ ਜਾਣ। ਨਾਲ ਹੀ ਆਂਗਨਵਾੜੀ ਵਰਕਰਾਂ ਤੋਂ ਆਰਥਿਕ ਜਨਗਣਨਾ, ਡਰੱਗ ਸਰਵੇ ਅਤੇ ਹੋਰ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਯੂਨੀਅਨ ਨੇ ਐੱਨਜੀਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਲੈਣ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਵੀ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 17 ਮਈ ਦੇ ਰੋਸ ਮੁਜ਼ਾਹਰੇ ’ਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਵੀਰਪਾਲ ਕੌਰ, ਪਰਮਿੰਦਰ ਕੌਰ, ਇੰਦਰਜੀਤ ਕੌਰ, ਕਮਲ ਕੁਮਾਰੀ, ਸਤਵੰਤਪ੍ਰੀਤ ਕੌਰ, ਪਰਵੀਨ ਬਾਲਾ ਤੇ ਸੋਨੂੰ ਆਦਿ ਹਾਜ਼ਰ ਸਨ।