ਝੀਲ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
ਝੀਲ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Publish Date: Sat, 09 May 2026 05:03 PM (IST)
Updated Date: Sun, 10 May 2026 04:04 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਜੋਗਰ ਪਾਰਕ ਦੀ ਝੀਲ ਨੰਬਰ-2 ਵਿੱਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਝੀਲ ’ਚ ਲਾਸ਼ ਤੈਰਦੀ ਹੋਣ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਸਹਾਰਾ ਮੁੱਖ ਦਫ਼ਤਰ ਨੂੰ ਸੂਚਨਾ ਮਿਲੀ ਸੀ ਕਿ ਜੋਗਰ ਪਾਰਕ ਦੀ ਝੀਲ ਨੰਬਰ-2 ’ਚ ਇਕ ਲਾਸ਼ ਤੈਰ ਰਹੀ ਹੈ। ਇਸ ਤੋਂ ਬਾਅਦ ਸਹਾਰਾ ਟੀਮ ਦੇ ਮੈਂਬਰ ਸੰਦੀਪ ਗਿੱਲ, ਗੁੱਲੀ ਠਾਕੁਰ ਅਤੇ ਟੇਕਚੰਦ ਮੌਕੇ ’ਤੇ ਪਹੁੰਚੇ। ਝੀਲ ਵਿੱਚ ਇਕ ਵਿਅਕਤੀ ਦੀ ਲਾਸ਼ ਤੈਰਦੀ ਦੇਖਣ ਤੋਂ ਬਾਅਦ ਟੀਮ ਵੱਲੋਂ ਤੁਰੰਤ ਥਾਣਾ ਥਰਮਲ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਥਰਮਲ ਦੇ ਐੱਸਐੱਚਓ ਇੰਸਪੈਕਟਰ ਹਰਜੀਵਨ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਸਹਾਰਾ ਟੀਮ ਦੀ ਮਦਦ ਨਾਲ ਲਾਸ਼ ਨੂੰ ਝੀਲ ਵਿੱਚੋਂ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਉਮਰ ਕਰੀਬ 50 ਤੋਂ 55 ਸਾਲ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਜਾਂ ਹੋਰ ਦਸਤਾਵੇਜ਼ ਬਰਾਮਦ ਨਹੀਂ ਹੋਏ, ਜਿਸ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਨੇ ਸਫੈਦ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ ਤੇ ਉਸਦੀ ਕੱਟੀ ਹੋਈ ਦਾੜ੍ਹੀ ਸੀ। ਸਹਾਰਾ ਜਨ ਸੇਵਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸੁਰੱਖਿਅਤ ਰੱਖਵਾ ਦਿੱਤਾ ਹੈ ਤੇ ਮ੍ਰਿਤਕ ਦੀ ਸ਼ਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।