ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੀਟਿੰਗ ਕਰਨ ਗਏ ਚੇਅਰਮੈਨ ਸਾਹਮਣੇ ਸ਼ਰੇਆਮ ਨਸ਼ਾ ਵਿਕਣ ਦੇ ਲਾਏ ਦੋਸ਼

-ਐੱਸਐੱਸਪੀ ਵੱਲੋਂ ਫੋਨ ਨਾ ਚੁੱਕਣ ’ਤੇ ਚੇਅਰਮੈਨ ਨੇ ਕਿਹਾ, ਢਿੱਲ ਬਰਦਾਸ਼ਤ ਨਹੀਂ ਕਰਾਂਗੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਭਾਵੇਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨਸ਼ੇ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸ਼ਹਿਰ ਦੀ ਮਹਿਣਾ ਬਸਤੀ ਦੇ ਲੋਕਾਂ ਨੇ ਘਰ ਘਰ ਨਸ਼ੇ ਵਿਕਣ ਦੇ ਦੋਸ਼ ਲਾ ਕੇ ਇਸ ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਮਹੱਲੇ ਦੀਆਂ ਭੜਕੀਆਂ ਔਰਤਾਂ ਨੇ ਕਿਹਾ ਕਿ ਸਰੇਆਮ ਨਸ਼ੇ ਵਿਕ ਰਹੇ ਹਨ, ਪਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੋਈ ਹੈ। ਹੋਇਆ ਇੰਝ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਰਾਜਨ ਅਮਰਦੀਪ ਸਿੰਘ ਮਹਿਣਾ ਬਸਤੀ ’ਚ ਮੀਟਿੰਗ ਕਰਨ ਲਈ ਪੁੱਜੇ ਸਨ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਜਦੋਂ ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਤਾਂ ਮੀਟਿੰਗ ਵਿੱਚ ਸ਼ਾਮਲ ਔਰਤਾਂ ਭੜਕ ਉੱਠੀਆਂ ਤੇ ਉਨ੍ਹਾਂ ਚੇਅਰਮੈਨ ਦੇ ਸਾਹਮਣੇ ਘਰ ਘਰ ਨਸ਼ੇ ਵਿਕਣ ਦੇ ਦੋਸ਼ ਲਾਏ। ਔਰਤਾਂ ਨੇ ਕਿਹਾ ਸੀ ਕਿ ਨਸ਼ਿਆਂ ਨਾਲ ਉਨ੍ਹਾਂ ਦੇ ਨੌਜਵਾਨ ਪੁੱਤਰਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਬਹੁਤੇ ਨੌਜਵਾਨ ਲੁੱਟ-ਖੋਹ ਤੇ ਚੋਰੀਆਂ ਦੇ ਰਸਤੇ ਪੈ ਚੁੱਕੇ ਹਨ। ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਨਸ਼ੇ ਵੇਚਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਲੋਕਾਂ ਦਾ ਗੁੱਸਾ ਸ਼ਾਂਤ ਕਰਨ ਲਈ ਚੇਅਰਮੈਨ ਨੇ ਬਠਿੰਡਾ ਦੀ ਐਸਐਸਪੀ ਡਾਕਟਰ ਜਯੋਤੀ ਯਾਦਵ ਨੂੰ ਸਪੀਕਰ ਆਉਣ ਕਰਕੇ ਫੋਨ ਲਾਇਆ ਪਰ ਉਨ੍ਹਾਂ ਆਪ ਦੇ ਸੀਨੀਅਰ ਆਗੂ ਤੇ ਚੇਅਰਮੈਨ ਦਾ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ। ਇਸ ਤੋਂ ਬਾਅਦ ਚੇਅਰਮੈਨ ਨੇ ਇਕ ਐਸਪੀ ਨੂੰ ਫੋਨ ਕੀਤਾ ਪਰ ਉਨ੍ਹਾਂ ਵੀ ਫੋਨ ਨਹੀਂ ਚੁੱਕਿਆ। ਇਸ ਤਰ੍ਹਾਂ ਦਾ ਮਾਹੌਲ ਬਣਨ ਤੋਂ ਬਾਅਦ ਚੇਅਰਮੈਨ ਨੇ ਸਬੰਧਤ ਥਾਣੇ ਦੇ ਇਕ ਏਐਸਆਈ ਨੂੰ ਫੋਨ ਲਾ ਕੇ ਉਸ ਦੀ ਕਲਾਸ ਲਗਾਈ ਅਤੇ ਝਾੜ ਝੰਬ ਕੀਤੀ।
ਚੇਅਰਮੈਨ ਨੇ ਏਐੱਸਆਈ ਨੂੰ ਮੌਕੇ ’ਤੇ ਪੁੱਜਣ ਲਈ ਕਿਹਾ। ਇਸ ਤੋਂ ਬਾਅਦ ਚੇਅਰਮੈਨ ਨੇ ਐੱਸਪੀ ਸਿਟੀ ਨਰਿੰਦਰ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਮਹਿਣਾ ਬਸਤੀ ਦੇ 300 ਤੋਂ 400 ਕਰੀਬ ਲੋਕ ਉਸਦੇ ਸਾਹਮਣੇ ਬੈਠੇ ਹਨ ਅਤੇ ਨਸ਼ਾ ਸ਼ਰੇਆਮ ਵਿਕਣ ਦੇ ਦੋਸ਼ ਲਾ ਰਹੇ ਹਨ। ਚੇਅਰਮੈਨ ਨੇ ਕਿਹਾ ਤੁਹਾਡਾ ਏਐਸਆਈ ਕਹਿ ਰਿਹਾ ਹੈ ਕਿ ਜਦੋਂ ਸ਼ਿਕਾਇਤ ਆਉਦੀ ਹੈ ਤਾਂ ਪੁਲਿਸ ਤਰੁੰਤ ਕਾਰਵਾਈ ਕਰਦੀ ਹੈ। ਪੁਲਿਸ ਸ਼ਿਕਾਇਤ ਦੀ ਉਡੀਕ ਕਿਉਂ ਕਰਦੀ ਹੈ। ਉਨ੍ਹਾਂ ਨੂੰ ਅੱਜ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਐੱਸਪੀ ਸਾਹਿਬ ਜਵਾਬ ਦਿਓ, ਕਿਉਂ ਨਹੀਂ ਨਸ਼ਾ ਬੰਦ ਹੋ ਰਿਹਾ। ਉਨ੍ਹਾਂ ਕਿਹਾ ਕਿ ਗਰੀਬ ਬਸਤੀਆਂ ਵਿਚ ਨਸ਼ੇ ਵਿਕ ਰਹੇ ਹਨ। ਇਸ ’ਤੇ ਐੱਸਪੀ ਸਿਟੀ ਨੇ ਕਿਹਾ ਕਿ ਹੁਣ ਤੱਕ ਪੰਜਾਬ ਪੁਲਿਸ 2476 ਦੇ ਕਰੀਬ ਪਰਚੇ ਦਰਜ ਕਰਕੇ ਕਈ ਤਸਕਰਾਂ ਨੂੰ ਜੇਲ੍ਹ ਭੇਜ ਚੁੱਕੀ ਹੈ, ਪਰ ਚੇਅਰਮੈਨ ਦਾ ਕਹਿਣਾ ਸੀ ਕਿ ਉਨ੍ਹਾਂ ਅੰਕੜਿਆਂ ਤੋਂ ਕੁਝ ਨਹੀਂ ਲੈਣਾ, ਨਸ਼ੇ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਐੱਸਪੀ ਨੂੰ ਤੁਰੰਤ ਐਕਸ਼ਨ ਲੈਣ ਲਈ ਕਿਹਾ।