ਭਾਈ ਰੂਪ ਚੰਦ ਦੀ ਯਾਦ ’ਚ ਆਧੁਨਿਕ ਸੈਰਗਾਹ ਦਾ ਵਿਧਾਇਕ ਤੇ ਚੇਅਰਮੈਨ ਅੱਜ ਰੱਖਣਗੇ ਨੀਂਹ ਪੱਥਰ
ਭਾਈ ਰੂਪ ਚੰਦ ਦੀ ਯਾਦ ਵਿੱਚ ਬਣੇਗੀ ਆਧੁਨਿਕ ਸੈਰਗਾਹ
Publish Date: Sat, 09 May 2026 04:32 PM (IST)
Updated Date: Sun, 10 May 2026 04:03 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਨਿਖਾਰਨ ਅਤੇ ਲੋਕਾਂ ਨੂੰ ਵਧੀਆ ਸੈਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਥਰਮਲ ਪਲਾਂਟ ਦੀ ਝੀਲ ਨੰਬਰ-2 ਦੇ ਨੇੜੇ ਭਾਈ ਰੂਪ ਚੰਦ ਦੀ ਯਾਦ ਵਿੱਚ ਇਕ ਆਧੁਨਿਕ ਸੈਰਗਾਹ ਤਿਆਰ ਕੀਤੀ ਜਾ ਰਹੀ ਹੈ। ਇਸ ਸੈਰਗਾਹ ਦਾ ਨੀਂਹ ਪੱਥਰ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਥਰਮਲ ਪਲਾਟ ਦੀ ਝੀਲ ਨੰਬਰ-2 ਦੇ ਆਲੇ-ਦੁਆਲੇ ਇਲਾਕੇ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਇਸ ਪ੍ਰਾਜੈਕਟ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੈਰਗਾਹ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ, ਜਿੱਥੇ ਲੋਕ ਸਵੇਰੇ ਅਤੇ ਸ਼ਾਮ ਦੇ ਸਮੇਂ ਖੁੱਲ੍ਹੇ ਅਤੇ ਸੁਹਾਵਣੇ ਮਾਹੌਲ ਵਿੱਚ ਸੈਰ ਕਰ ਸਕਣਗੇ। ਇਸ ਦੌਰਾਨ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਸੈਰਗਾਹ ਵਿੱਚ ਵੱਖ-ਵੱਖ ਕਿਸਮਾਂ ਦੇ ਸੁੰਦਰ ਫੁੱਲਾਂ ਅਤੇ ਸਜਾਵਟੀ ਬੂਟੇ ਲਾਏ ਜਾਣਗੇ, ਜਿਸ ਨਾਲ ਇਲਾਕੇ ਦੀ ਰੌਣਕ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਇਕ ਸੁੰਦਰ ਅਤੇ ਹਰਿਆ-ਭਰਿਆ ਰੂਪ ਦੇਣ ਲਈ ਨਗਰ ਸੁਧਾਰ ਟਰੱਸਟ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਸੈਰਗਾਹ ਵੀ ਉਸੇ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ ਲੋਕਾਂ ਨੂੰ ਸੈਰ ਕਰਨ ਲਈ ਵਧੀਆ ਥਾਂ ਮਿਲੇਗੀ, ਸਗੋਂ ਇਹ ਸਥਾਨ ਪਰਿਵਾਰਾਂ ਅਤੇ ਬੱਚਿਆਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ। ਸੈਰਗਾਹ ਦੇ ਆਲੇ-ਦੁਆਲੇ ਸਫ਼ਾਈ, ਬੈਠਣ ਦੀ ਵਿਵਸਥਾ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ। ਬਾਕਸ -ਛੇਵੇਂ ਪਾਤਿਸ਼ਾਹ ਤੋਂ ਲੈ ਕੇ ਦਸਵੇਂ ਪਾਤਿਸ਼ਾਹ ਤਕ ਭਾਈ ਰੂਪ ਚੰਦ ਜੀ ਨੇ ਕੀਤੇ ਸਨ ਦਰਸ਼ਨ ਗੁਰੂਘਰ ਦੇ ਸੇਵਕ ਭਾਈ ਰੂਪ ਚੰਦ ਜੀ ਸਿੱਖ ਧਰਮ ਦੀ ਮਹਾਨ ਸ਼ਖ਼ਸੀਅਤ ਹੋਏ ਹਨ। ਭਾਈ ਰੂਪ ਚੰਦ ਜੀ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਤਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਜਿੱਥੇ ਉਨ੍ਹਾਂ ਨੂੰ ‘ਭਾਈ’ ਪਦ ਬਖ਼ਸ਼ ਕੇ ਬੇਹੱਦ ਮਾਣ ਦਿੱਤਾ, ਉੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਤੇਰਾ ਘਰ ਸੋ ਮੇਰਾ ਘਰ’ ਕਹਿ ਕੇ ਵਡਿਆਈ ਬਖ਼ਸ਼ੀ। ਗੁਰੂ ਜੀ ਨੇ ਪਿੰਡ ਭਾਈ ਰੂਪਾ ਦੀ ਨੀਂਹ (16 ਵਿਸਾਖ 1686 ਈਸਵੀ) ਨੂੰ ਭਾਈ ਰੂਪ ਚੰਦ ਦੇ ਨਾਮ ’ਤੇ ਰੱਖੀ। ਗੁਰੂ ਸਾਹਿਬ ਇੱਥੇ 6 ਮਹੀਨੇ, 9 ਦਿਨ, 9 ਪਲ, 9 ਘੜੀਆਂ ਠਹਿਰੇ ਸਨ। ਜਤਿੰਦਰ ਭੱਲਾ ਨੇ ਕਿਹਾ ਕਿ ਭਾਈ ਰੂਪ ਚੰਦ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸੰਭਾਲਣਾ ਅਤੇ ਉਨ੍ਹਾਂ ਦੇ ਨਾਮ ‘ਤੇ ਲੋਕ-ਭਲਾਈ ਦੇ ਕੰਮ ਕਰਨਾ ਸੱਚੀ ਸ਼ਰਧਾਂਜਲੀ ਹੈ।