ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਸਫਾਈ ਸੇਵਕਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ
Publish Date: Fri, 08 May 2026 08:15 PM (IST)
Updated Date: Sat, 09 May 2026 04:15 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਸਵਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਵਿਚ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਆਰੰਭ ਕੀਤੀ ਹੜਤਾਲ ਦੀ ਲੜੀ ’ਚ ਇਤਿਹਾਸਕ ਨਗਰ ਤਲਵੰਡੀ ਸਾਬੋਂ ਦੀ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਵੀ ਅਣਮਿੱਥੇ ਸਮੇਂ ਲਈ ਹੜਤਾਲ ਕਰਦਿਆਂ ਨਗਰ ਕੌਂਸਲ ਦਫ਼ਤਰ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ। ਜਿਸ ਨੂੰ ਕਾਂਗਰਸ ਦੇ ਕੁਝ ਆਗੂਆਂ ਨੇ ਵੀ ਆਪਣਾ ਸਮਰਥਨ ਦਿੱਤਾ। ਨਗਰ ਕੌਂਸਲ ਦੇ ਐਮਸੀ ਸਿਮਰਤ ਕੌਰ ਚੱਠਾ, ਐੱਮਸੀ ਦਵਿੰਦਰ ਸਿੰਘ ਸੂਬਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰਬੰਸ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਨਵੀਂ ਭਰਤੀ ਨੀਤੀ ਸਫਾਈ ਸੇਵਕਾਂ ਨਾਲ ਸਬੰਧਤ ਬਣਾਈ ਗਈ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਤਿੰਨ ਸਾਲ ਸੇਵਾ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਜਾਂਦਾ ਸੀ, ਪਰ ਹੁਣ ਨਵੇਂ ਸਿਸਟਮ ਵਿਚ ਇਹ ਸ਼ਰਤ 10 ਸਾਲ ਤਕ ਵਧਾ ਦਿੱਤੀ ਗਈ ਹੈ। ਜਿਸ ਦਾ ਕਾਂਗਰਸ ਦੇ ਸਮੂਹ ਕੌਂਸਲਰ ਵੱਲੋਂ ਵਿਰੋਧ ਕੀਤਾ ਜਾਂ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਸਾਡੀ ਮੰਗ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਹੈ। ਮੌਜੂਦਾ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਪੂਰੇ ਕਰ ਲਏ ਹਨ ਪਰ ਅਜੇ ਤਕ ਸਫਾਈ ਸੇਵਕਾਂ ਦੇ ਮਸਲੇ ਹੱਲ ਨਹੀਂ ਕੀਤੇ ਗਏ। ਉਨ੍ਹਾਂ ਮੰਗ ਕੀਤੀ ਕਿ ਸਫਾਈ ਸੇਵਕਾਂ ਦੀ ਭਰਤੀ ਆਊਟਸੋਰਸ ਅਤੇ ਠੇਕੇਦਾਰੀ ਸਿਸਟਮ ਤੋਂ ਬੰਦ ਕਰਕੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾਵੇ ਅਤੇ ਪਹਿਲਾਂ ਵਾਂਗ ਤਿੰਨ ਸਾਲ ਦੀ ਸੇਵਾ ਪੂਰੀ ਕਰਨ ’ਤੇ ਸਾਰੇ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਤਲਵੰਡੀ ਸਾਬੋ ਦੇ ਸਮੂਹ ਨਾਗਰਿਕਾਂ ਤੋਂ ਇਸ ਔਖੀ ਘੜੀ ’ਚ ਸਾਥ ਦੇਣ ਲਈ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੰਦੀਪ ਸਿੰਘ, ਪ੍ਰਧਾਨ ਉਦੇ ਸਿੰਘ, ਰਕੇਸ਼ ਕੁਮਾਰ, ਕਰਮ ਚੰਦ ਸਮੇਤ ਵੱਡੀ ਗਿਣਤੀ ਵਿਚ ਸਫਾਈ ਸੇਵਕ ਤੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ ਤੇ ਵਰਕਰ ਹਾਜ਼ਰ ਸਨ।