ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਤੇ ਜੇਈ ਲਖਵਿੰਦਰ ਸਿੰਘ ਖ਼ਿਲਾਫ਼ ਕੇਸ
ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਭੁਪਿੰਦਰ ਸਿੰਘ ਅਤੇ ਜੇਈ ਲਖਵਿੰਦਰ ਸਿੰਘ ਖ਼ਿਲਾਫ਼
Publish Date: Fri, 08 May 2026 07:49 PM (IST)
Updated Date: Sat, 09 May 2026 04:12 AM (IST)

-ਪਾਈਪਲਾਈਨ ਪਾਉਣ ਸਮੇਂ ਕੰਧ ਡਿੱਗਣ ਨਾਲ 9 ਸਾਲਾ ਬੱਚੇ ਦੀ ਮੌਤ ਦਾ ਮਾਮਲਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਵਿੱਚ ਪਾਈਪ ਲਾਈਨ ਪਾਉਣ ਸਮੇਂ ਕੰਧ ਡਿੱਗਣ ਕਾਰਨ 9 ਸਾਲਾਂ ਬੱਚੇ ਦੀ ਹੋਈ ਦਰਦਨਾਕ ਮੌਤ ਦਾ ਕਾਰਨ ਭੂਮੀ ਰੱਖਿਆ ਵਿਭਾਗ ਦੇ ਜੂਨੀਅਰ ਇੰਜਨੀਅਰ, ਸੁਖਰਵਾਈਜ਼ਰ ਅਤੇ ਠੇਕੇਦਾਰ ਦੀ ਲਾਪ੍ਰਵਾਹੀ ਦੱਸੀ ਜਾ ਰਹੀ ਹੈ। ਇਨ੍ਹਾਂ ਨੇ ਪਾਈਪਲਾਈਨ ਪਾਉਣ ਲਈ ਘਰਾਂ ਦੇ ਨਾਲ 8 ਫੁੱਟ ਡੂੰਘੀ ਖਾਈ ਪੁੱਟ ਦਿੱਤੀ ਜਿਸ ਕਾਰਨ ਚਮਕੌਰ ਸਿੰਘ ਦਾ ਪੂਰਾ ਮਕਾਨ ਡਿੱਗ ਪਿਆ ਅਤੇ ਮਬਲੇ ਹੇਠਾਂ ਦਬ ਕੇ ਉਕਤ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ ਇਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਸੁਪਰਵਾਈਜ਼ਰ, ਠੇਕੇਦਾਰ ਅਤੇ ਸਬੰਧਤ ਜੇਈ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਬੱਚੇ ਦੇ ਪਿਤਾ ਬਿਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਇਕ ਬੈਂਕ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਅਨੁਸਾਰ 7 ਮਈ ਦੀ ਸ਼ਾਮ ਕਰੀਬ 5 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ ਨੇੜੇ ਖੇਤਾਂ ਵਿੱਚ ਬਣੇ ਚਮਕੌਰ ਸਿੰਘ ਦੇ ਮਕਾਨ ਦੀ ਕੰਧ ਡਿੱਗ ਗਈ ਹੈ, ਜਿਸ ਹੇਠਾਂ ਉਨ੍ਹਾਂ ਦਾ 9 ਸਾਲਾ ਪੁੱਤਰ ਵਤਨਦੀਪ ਸਿੰਘ ਦੱਬ ਗਿਆ। ਪਰਿਵਾਰਕ ਮੈਂਬਰ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਗੋਨਿਆਣਾ ਮੰਡੀ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ’ਚ ਵੀਰਪਾਲ ਕੌਰ ਪਤਨੀ ਜਗਸੀਰ ਸਿੰਘ ਵੀ ਜ਼ਖਮੀ ਹੋਈ ਹੈ, ਜਿਸ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪਿੰਡ ’ਚ ਨਹਿਰੀ ਪਾਣੀ ਨਿਕਾਸ ਲਈ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਭੂਪਿੰਦਰ ਸਿੰਘ ਅਤੇ ਜੇਈ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਜੇਸੀਬੀ ਨਾਲ ਕਰੀਬ 8 ਫੁੱਟ ਡੂੰਘੀ ਤੇ ਲਗਭਗ 2 ਕਿਲੋਮੀਟਰ ਲੰਬੀ ਖੁਦਾਈ ਕੀਤੀ ਜਾ ਰਹੀ ਸੀ। ਦੋਸ਼ ਹੈ ਕਿ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਅਤੇ ਬਿਨਾਂ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤੇ ਖੁਦਾਈ ਕੀਤੀ ਗਈ, ਜਿਸ ਕਾਰਨ ਮਕਾਨਾਂ ਦੀ ਨੀਂਹ ਕਮਜ਼ੋਰ ਹੋ ਗਈ ਤੇ ਮਕਾਨ ਦੇ ਚਾਰ ਕਮਰੇ, ਪਸ਼ੂਆਂ ਵਾਲਾ ਵਰਾਂਡਾ ਅਤੇ ਬਾਥਰੂਮ ਢਹਿ ਗਿਆ। ਥਾਣਾ ਨੇਹੀਆਂਵਾਲਾ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸੁਪਰਵਾਈਜ਼ਰ ਸੰਦੀਪ ਸਿੰਘ, ਠੇਕੇਦਾਰ ਭੁਪਿੰਦਰ ਸਿੰਘ ਵਾਸੀ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਜੇਈ ਲਖਵਿੰਦਰ ਸਿੰਘ ਖ਼ਿਲਾਫ਼ ਲਾਪਰਵਾਹੀ ਅਤੇ ਗੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਕਾਰਵਾਈ ਮੈਡੀਕਲ ਰਿਪੋਰਟ ਅਤੇ ਜਾਂਚ ਦੇ ਆਧਾਰ ਤੇ ਕੀਤੀ ਜਾਵੇਗੀ।