ਸੀਐੱਮ ਦੀ ਫੇਰੀ ਦੌਰਾਨ 1158 ਸਹਾਇਕ ਪ੍ਰੋਫ਼ੈਸਰਾਂ ਨੇ ਜਤਾਇਆ ਰੋਸ
ਮੁੱਖ ਮੰਤਰੀ ਦੀ ਬਠਿੰਡਾ ਫੇਰੀ ਦੌਰਾਨ 1158 ਫ਼ਰੰਟ ਨੂੰ ਮੀਟਿੰਗ ਦੇ ਕੇ ਮੁੱਕਰਿਆ ਪ੍ਰਸ਼ਾਸਨ
Publish Date: Fri, 08 May 2026 07:23 PM (IST)
Updated Date: Sat, 09 May 2026 04:12 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਬਠਿੰਡਾ ਇਕਾਈ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਬਠਿੰਡਾ ਫੇਰੀ ਦੌਰਾਨ 1158 ਫ਼ਰੰਟ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸ਼ੁੱਕਰਵਾਰ ਸਵੇਰ ਤੋਂ ਮੀਟਿੰਗ ਕਰਾਉਣ ਦਾ ਲਾਰਾ ਲਾ ਰਿਹਾ ਪ੍ਰਸ਼ਾਸਨ ਆਖਰਕਾਰ ਮੀਟਿੰਗ ਤੋਂ ਮੁੱਕਰ ਗਿਆ। ਇਸ ਉਪਰੰਤ ਰੋਸ ਵਜੋਂ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰੋਫ਼ੈਸਰ ਜਸਕਰਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪ ਸਰਕਾਰ ਗੁਰੂ ਗ੍ਰੰਥ ਸਾਹਿਬ ਦੇ ਨਾਮ ਉੱਪਰ ਸਿਆਸੀ ਰੋਟੀਆਂ ਸੇਕਣ ਲਈ ਸ਼ੁਕਰਾਨਾ ਯਾਤਰਾ ਦਾ ਦੰਭ ਕਰ ਰਹੀ ਹੈ। ਇਸ ਯਾਤਰਾ ਦੌਰਾਨ ਲੋਕ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੂੰ ਘਰਾਂ ਅਤੇ ਥਾਣਿਆਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਾਲਾਇਕੀ ਕਰਕੇ ਸੁਪਰੀਮ ਕੋਰਟ ਦੁਆਰਾ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾ ਦੀ ਭਰਤੀ ਰੱਦ ਹੋਣ ਨਾਲ਼ ਉਹਨਾਂ ਦੇ ਘਰਾਂ ਦਾ ਚੁੱਲ੍ਹਾ ਬੁਝਣ ਕਿਨਾਰੇ ਪਹੁੰਚ ਗਿਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜੇ ਤੱਕ ਉਹਨਾਂ ਦੇ ਹੱਕ ਵਿੱਚ ਇੱਕ ਮੀਡੀਆ ਬਿਆਨ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਹੈ। ਉਚੇਰੀ ਸਿੱਖਿਆ ਵਿਭਾਗ ਉਨ੍ਹਾਂ ਦੀ ਬਾਂਹ ਫੜਨ ਦੀ ਥਾਵੇਂ 1158 ਉਮੀਦਵਾਰਾਂ ਦੀਆਂ ਹੱਕੀ ਛੁੱਟੀਆਂ ਬੰਦ ਕਰਕੇ ਅਤੇ ਉਨਾਂ ਨੂੰ ਵਿਭਾਗੀ ਪੱਧਰ ਉੱਤੇ ਖੱਜਲ-ਖੁਆਰ ਕਰਕੇ ਬਦਲਾਖ਼ੋਰੀ ਦੇ ਰਾਹ ਪਿਆ ਹੋਇਆ ਹੈ। ਡਾ. ਜਸਪ੍ਰੀਤ ਸਿਵੀਆਂ ਨੇ ਜਾਣਕਾਰੀ ਦਿੱਤੀ ਕਿ ਸਰਕਾਰੀ ਕਾਲਜ ਫ਼ੰਡਾਂ ਤੇ ਸਾਜੋ ਸਮਾਨ ਦੀ ਕਮੀ ਨਾਲ਼ ਜੂਝ ਰਹੇ ਹਨ। ਸਰਕਾਰ ਦੀ ਸਿੱਖਿਆ ਕ੍ਰਾਂਤੀ ਵਿੱਚੋਂ ਉਚੇਰੀ ਸਿੱਖਿਆ ਦਾ ਸੰਕਲਪ ਪੂਰੀ ਤਰਾਂ ਗਾਇਬ ਹੈ। ਪ੍ਰੋਫ਼ੈਸਰ ਰਾਜਵੀਰ ਕੌਰ ਨੇ ਦੱਸਿਆ ਕਿ ਸੀ ਐੱਮ ਭਗਵੰਤ ਮਾਨ ਪੰਜਾਬ ਵਿੱਚ ਸ਼ੁਕਰਾਨਾ ਯਾਤਰਾ ਕਰਦੇ ਹੋਏ ਆਮ ਲੋਕਾਂ ਨਾਲ਼ ਮਿਲਣ ਦਾ ਪਖੰਡ ਕਰ ਰਹੇ ਹਨ ਜਦੋਂ ਕਿ ਹਕੀਕਤ ਵਿੱਚ ਜਾਗਰੂਕ ਲੋਕਾਂ ਅਤੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨ ਦੇ ਸਵਾਲਾਂ ਤੋਂ ਭੱਜ ਰਹੇ ਹਨ। ਪ੍ਰੋ. ਦੀਪਕ ਅਜ਼ੀਜ਼ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਜੇਕਰ ਸਰਕਾਰ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਸਥਾਈ ਰੁਜ਼ਗਾਰ ਨੂੰ ਬਰਕਰਾਰ ਰੱਖਣ ਵੱਲ ਕੋਈ ਸਾਰਥਕ ਕਦਮ ਨਹੀਂ ਪੁੱਟਿਆ ਜਾਂਦਾ ਤਾਂ 1158 ਫ਼ਰੰਟ ਵੱਲੋਂ ਜਥੇਬੰਦਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।