ਜੇਲ੍ਹ ’ਚ ਸੁਰੱਖਿਆ ਮੁਲਾਜ਼ਮਾਂ ਵੱਲੋਂ ਨਸ਼ਾ ਤਸਕਰੀ ਕਰਨ ’ਤੇ ਸਰੂਪ ਸਿੰਗਲਾ ਚਿੰਤਤ
ਜੇਲ੍ਹ ’ਚ ਸੁਰੱਖਿਆ ਕਰਮਚਾਰੀਆਂ ਵੱਲੋਂ ਨਸ਼ਾ ਤਸਕਰੀ ’ਤੇ ਸਰੂਪ ਸਿੰਗਲਾ ਨੇ ਜਤਾਈ ਗੰਭੀਰ ਚਿੰਤਾ
Publish Date: Fri, 08 May 2026 06:07 PM (IST)
Updated Date: Sat, 09 May 2026 04:09 AM (IST)

-ਕਿਹਾ, ਜਦੋਂ ਰੱਖਿਆ ਕਰਨ ਵਾਲੇ ਹੀ ਨਸ਼ਾ ਤਸਕਰ ਬਣ ਜਾਣ ਤਾਂ ਨਸ਼ੇ ’ਤੇ ਲਗਾਮ ਕਿਵੇਂ ਲੱਗੇਗੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਬਠਿੰਡਾ ਜ਼ਿਲ੍ਹਾ ਜੇਲ੍ਹ ਵਿੱਚ ਸੁਰੱਖਿਆ ਕਰਮਚਾਰੀਆਂ ਵੱਲੋਂ ਕੈਦੀਆਂ ਤਕ ਨਸ਼ਾ ਪਹੁੰਚਾਉਣ ਦੇ ਮਾਮਲੇ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਜਦੋਂ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਜਾਣ ਤਾਂ ਪੰਜਾਬ ਵਿੱਚ ਨਸ਼ੇ ’ਤੇ ਕਾਬੂ ਪੈਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦਿਨੋਂ-ਦਿਨ ਭਿਆਨਕ ਰੂਪ ਧਾਰ ਰਹੀ ਹੈ ਅਤੇ ਹੁਣ ਇਸ ਦਾ ਜਾਲ ਗਲੀਆਂ-ਮੁਹੱਲਿਆਂ ਤੋਂ ਲੈ ਕੇ ਜੇਲ੍ਹਾਂ ਤਕ ਫੈਲ ਚੁੱਕਾ ਹੈ। ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਜੇਲ੍ਹ ਵਿੱਚ ਸੁਰੱਖਿਆ ਕਰਮਚਾਰੀਆਂ ਦਾ ਨਸ਼ਾ ਤਸਕਰੀ ਕਰਦੇ ਫੜਿਆ ਜਾਣਾ ਇਸ ਗੱਲ ਦਾ ਸਿੱਧਾ ਸਬੂਤ ਹੈ ਕਿ ਸਰਕਾਰ ਦੀ ਕਥਿਤ “ਨਸ਼ਾ ਵਿਰੋਧੀ ਮੁਹਿੰਮ” ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਮਾਮਲੇ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਅਤੇ ਪ੍ਰਸ਼ਾਸਨਿਕ ਤੰਤਰ ਵੀ ਇਸ ’ਤੇ ਅਸਰਦਾਰ ਕਾਰਵਾਈ ਕਰਨ ਵਿੱਚ ਅਸਫਲ ਦਿਖਾਈ ਦੇ ਰਿਹਾ ਹੈ। ਭਾਜਪਾ ਆਗੂ ਨੇ ਬਠਿੰਡਾ ਦੀ ਮਹਿਣਾ ਬਸਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਹੋਈ ਇਕ ਸਭਾ ਦੌਰਾਨ ਔਰਤਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਅੱਗੇ ਖੁੱਲ੍ਹ ਕੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿੱਚ ਸਰੇਆਮ ਨਸ਼ਾ ਵਿਕ ਰਿਹਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਅਮਰਦੀਪ ਸਿੰਘ ਰਾਜਨ ਦੇ ਸਾਹਮਣੇ ਇਹ ਸ਼ਿਕਾਇਤ ਰੱਖੀ ਕਿ ਪੁਲਿਸ ਪ੍ਰਸ਼ਾਸਨ ਨਸ਼ਾ ਰੋਕਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਔਰਤਾਂ ਦੀ ਸ਼ਿਕਾਇਤ ’ਤੇ ਚੇਅਰਮੈਨ ਨੇ ਮੌਕੇ ’ਤੇ ਹੀ ਐੱਸਐੱਸਪੀ ਨੂੰ ਫੋਨ ਕੀਤਾ ਪਰ ਐੱਸਐੱਸਪੀ ਨੇ ਉਨ੍ਹਾਂ ਦਾ ਫੋਨ ਤਕ ਨਹੀਂ ਚੁੱਕਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਆਪ ਆਗੂਆਂ ਦੀ ਵੀ ਕਿੰਨੀ ਪਰਵਾਹ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਖੁੱਲ੍ਹੇਆਮ ਵਿਕਰੀ ਕਾਰਨ ਅਨੇਕਾਂ ਪਰਿਵਾਰ ਤਬਾਹੀ ਦੇ ਕਿਨਾਰੇ ਪਹੁੰਚ ਚੁੱਕੇ ਹਨ। ਨੌਜਵਾਨਾਂ ਦਾ ਭਵਿੱਖ ਹਨੇਰੇ ਵੱਲ ਧੱਕਿਆ ਜਾ ਰਿਹਾ ਹੈ ਅਤੇ ਮਾਵਾਂ-ਭੈਣਾਂ ਵਿੱਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ, ਉਨ੍ਹਾਂ ਨੂੰ ਸਹਾਰਾ ਦੇਣ ਵਾਲਿਆਂ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਇਸ ਗੰਭੀਰ ਸੰਕਟ ਤੋਂ ਬਚਾਇਆ ਜਾ ਸਕੇ।