ਭਾਕਿਯੂ ਜਥੇਬੰਦੀਆਂ ਦਾ ਵਫਦ ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਨੂੰ ਮਿਲਿਆ
ਭਰਾਤਰੀ ਜਥੇਬੰਦੀਆਂ ਦਾ ਵਫਦ ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਨੂੰ ਮਿਲਿਆ
Publish Date: Fri, 08 May 2026 05:53 PM (IST)
Updated Date: Sat, 09 May 2026 04:09 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿਚ ਕੀਤੇ ਗਏ ਵਾਧੇ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਲਈ ਸਪੋਰਟ ਕਿੰਗ ਵਰਕਰ ਯੂਨੀਅਨ ਜੀਦਾ ਅਤੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਕ ਸਾਂਝਾ ਵਫਦ ਅੱਜ ਜ਼ਿਲ੍ਹੇ ਦੇ ਸਹਾਇਕ ਲੇਬਰ ਕਮਿਸ਼ਨਰ ਵਿਕਾਸ ਕੁਮਾਰ ਤੇ ਲੇਬਰ ਇੰਸਪੈਕਟਰ ਸ਼ੁਭਮ ਬਾਂਸਲ ਨੂੰ ਮਿਲਿਆ। ਜਥੇਬੰਦੀਆਂ ਨੇ ਮੰਗ ਕੀਤੀ ਕਿ 1 ਮਈ 2026 ਤੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਸਾਰੇ ਅਦਾਰਿਆਂ ’ਚ ਲਾਗੂ ਕਰਵਾਇਆ ਜਾਵੇ। ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਮੰਗਾ ਆਜ਼ਾਦ, ਨੌਜਵਾਨ ਭਾਰਤ ਸਭਾ (ਅਸ਼ਵਨੀ ਘੁੱਦਾ) ਸੁਖਵੀਰ ਖੇਮੂਆਣਾ, ਸਪੋਰਟਕਿੰਗ ਵਰਕਰ ਯੂਨੀਅਨ ਜ਼ੀਦਾ ਦੇ ਪ੍ਰਧਾਨ ਖੁਸਵਿੰਦਰ ਜੀਦਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਬੀਰ ਸਿੰਘ, ਜਸਨੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਗੈਰ-ਹੁਨਰਮੰਦ ਕਾਮੇ ਦੀ ਘੱਟੋ-ਘੱਟ ਤਨਖਾਹ 13,486 ਰੁਪਏ, ਅਰਧ-ਹੁਨਰਮੰਦ ਦੀ 14,383 ਰੁਪਏ, ਹੁਨਰਮੰਦ ਦੀ 15,414 ਰੁਪਏ ਅਤੇ ਉੱਚ-ਹੁਨਰਮੰਦ ਕਾਮੇ ਦੀ ਤਨਖਾਹ 16,601 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਸਟਾਫ਼ ਸ੍ਰੇਣੀਆਂ ਲਈ ਵੀ ਵੱਖਰੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ, ਜਿਸ ਵਿਚ ਸਟਾਫ਼ ਸ੍ਰੇਣੀ-ਏ ਲਈ 19,431 ਰੁਪਏ ਮਹੀਨਾਵਾਰ ਉਜਰਤ ਰੱਖੀ ਹੈ। ਯੂਨੀਅਨ ਆਗੂਆਂ ਅਮਨਦੀਪ ਜ਼ੀਦਾ, ਸਿਕੰਦਰ ਸਿੰਘ, ਮਨਪ੍ਰੀਤ ਸਿੰਘ, ਅਮ੍ਰਿਤਪਾਲ ਕੌਰ, ਬੰਟੀ ਸਿਰੀਏਵਾਲਾ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਕਿ ਪੰਜਾਬ ਵਿਧਾਨ ਸਭਾ ਵਿਚ ਪਿਛਲੇ 14 ਸਾਲਾਂ ਤੋਂ ਕੋਈ ਵੀ ਘੱਟੋ-ਘੱਟ ਉਜਰਤ ਦਾ ਕਾਨੂੰਨ ਵਿਚਾਰਿਆ ਨਹੀਂ ਗਿਆ ਸੀ। ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਸਦਕਾ ਸੂਬਾ ਸਰਕਾਰ ਨੂੰ ਮਜ਼ਬੂਰਨ ਮਜ਼ਦੂਰੀ ਦਰਾਂ ਵਿਚ ਵਾਧਾ ਕਰਨਾ ਪਿਆ। ਆਗੂਆਂ ਨੇ ਮਜ਼ਦੂਰੀ ਦਰਾਂ ’ਚ ਕੀਤੇ ਵਾਧੇ ਨੂੰ ਨਕਾਰਦਿਆਂ ਕਿਹਾ ਕਿ ਲਗਾਤਾਰ ਮਹਿੰਗਾਈ ਵੱਧਣ ਕਰਕੇ ਮਜ਼ਦੂਰਾਂ ਦੇ ਘਰਾਂ ਦੇ ਖਰਚੇ ਬਹੁਤ ਵੱਧ ਗਏ ਹਨ। ਗੈਸ ਸਿਲੰਡਰ, ਰਸੋਈ ਦਾ ਸਾਮਾਨ, ਬੱਚਿਆਂ ਦੀਆਂ ਫੀਸਾਂ ਅਤੇ ਹਰ ਚੀਜ਼ ਮਹਿੰਗੀ ਹੋ ਰਹੀ ਹੈ ਪਰ ਵੱਧ ਰਹੀ ਮਹਿੰਗਾਈ ਦੇ ਨਾਲ ਮਜ਼ਦੂਰਾਂ ਦੀ ਮਜ਼ਦੂਰੀ ਨਹੀਂ ਵਧ ਰਹੀ। ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋ ਮਜ਼ਦੂਰੀ ਦਰਾਂ ਵਿਚ ਕੀਤੇ ਗਏ ਇਹ ਵਾਧੇ ਨੂੰ ਆਟੇ ’ਚ ਲੂਣ ਬਰਾਬਰ ਕਹਿ ਕੇ ਮੰਗ ਕੀਤੀ ਕਿ ਮਜ਼ਦੂਰ ਦੀ ਘੱਟੋ ਘੱਟ ਦਿਹਾੜੀ 700 ਰੁਪਏ ਹੋਣੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਨੂੰ ਘੱਟੋ-ਘੱਟ ਉਜਰਤ ਦਾ ਕਾਨੂੰਨ ਦੁਬਾਰਾ ਵਿਚਾਰ ਕੇ ਮਜ਼ਦੂਰੀ ਦਰਾਂ ’ਚ ਹੋਰ ਵਾਧਾ ਕਰਨਾ ਚਾਹੀਦਾ ਹੈ। ਯੂਨੀਅਨ ਨੇ ਚਿਤਾਵਨੀ ਦਿੰਦੇ ਹੋਇਆ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਕਿਰਤ ਵਿਭਾਗ ਵੱਲੋ ਜਾਰੀ ਕੀਤੀ ਗਈ ਘੱਟੋ ਘੱਟ ਉਜਰਤ ਨੂੰ ਲਾਗੂ ਨਾ ਕੀਤਾ ਗਿਆ ਤਾਂ ਮਜ਼ਦੂਰ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਮਜ਼ਦੂਰ ਆਗੂ ਗੁਰਪ੍ਰੀਤ ਸਿੰਘ, ਸੀਤਲ ਰਾਣੀ, ਜਗਜੀਤ ਸਿੰਘ, ਧਰਮਵੀਰ ਸਿੰਘ, ਮੁਨਸ਼ੀ ਰਾਮ ਹਾਜ਼ਰ ਸਨ।