ਬੀਸੀਐੱਲ ਇੰਡਸਟਰੀ ਦੇ ਡਿਸਟਿੱਲਰੀ ਯੂਨਿਟ ’ਚ ਸੁਰੱਖਿਆ ਸਬੰਧੀ ਕੀਤਾ ਜਾਗਰੂਕ
ਬੀਸੀਐੱਲ ਇੰਡਸਟਰੀ ਦੇ ਡਿਸਟਿੱਲਰੀ ਯੂਨਿਟ ਵਿਖੇ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Fri, 08 May 2026 05:03 PM (IST)
Updated Date: Sat, 09 May 2026 04:06 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਬੀਸੀਐੱਲ ਇੰਡਸਟਰੀਜ਼ ਲਿਮਿਟਿਡ ਦੇ ਸੰਗਤ ਵਿਖੇ ਸਥਿਤ ਡਿਸਟਿੱਲਰੀ ਯੂਨਿਟ ’ਚ ਇਕ ਵਿਸ਼ੇਸ਼ ਉਦਯੋਗਿਕ ਸੁਰੱਖਿਆ ਤੇ ਕਿੱਤਾਮੁਖੀ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਡਾਇਰੈਕਟਰ ਆਫ਼ ਫੈਕਟਰੀਜ਼ ਦੀ ਅਗਵਾਈ ਹੇਠ ਐੱਨਡੀਆਰਐੱਫ ਦੀ 7ਵੀਂ ਬਟਾਲੀਅਨ ਦੀ ਵਿਸ਼ੇਸ਼ ਟੀਮ ਵੱਲੋਂ ਉਦਯੋਗਿਕ ਯੂਨਿਟ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ। ਸਮਾਗਮ ’ਚ ਹਿੱਸਾ ਲੈਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਸਿਖਲਾਈ ਸੈਸ਼ਨ ਦੌਰਾਨ ਐੱਨਡੀਆਰਐੱਫ ਦੇ ਸਬ-ਇੰਸਪੈਕਟਰ ਨਿਤਿਨ ਤੇ ਉਨ੍ਹਾਂ ਦੀ ਟੀਮ ਵੱਲੋਂ ਮੁਲਾਜ਼ਮਾਂ ਨੂੰ ਕਿਸੇ ਵੀ ਖ਼ਤਰਨਾਕ ਸਥਿਤੀ ਨਾਲ ਨਿਪਟਣ ਤੇ ਸੁਰੱਖਿਆ ਬਣਾਈ ਰੱਖਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐੱਨਡੀਆਰਐੱਫ ਤੇ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਮਿਲ ਕੇ ਕਈ ਸੁਰੱਖਿਆ ਪ੍ਰੋਗਰਾਮ ਪ੍ਰੈਕਟਿਕਲ ਤੌਰ ‘ਤੇ ਵੀ ਕੀਤੇ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਡਾ. ਵਿਸ਼ਾਲ ਸਿੰਗਲਾ ਵੱਲੋਂ ਫੈਕਟਰੀ ਅੰਦਰ ਕਰਮਚਾਰੀਆਂ ਦੀ ਸੁਰੱਖਿਆ ਤੇ ਕਿੱਤਾ-ਮੁਖੀ ਸਿਹਤ ਬਾਰੇ ਵਿਸਥਾਰ ਨਾਲ ਦੱਸਿਆ। ਸਮਾਗਮ ਦੇ ਅਗਲੇ ਸੈਸ਼ਨ ਦੌਰਾਨ ਸਿਵਲ ਡਿਫੈਂਸ ਬਠਿੰਡਾ ਤੋਂ ਪੁੱਜੇ ਡਿਪਟੀ ਚੀਫ਼ ਵਾਰਡਨ ਨਰਿੰਦਰ ਬੱਸੀ ਵੱਲੋਂ ਮੁਲਾਜ਼ਮਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਨੇ ਐੱਚਆਈਵੀ ਤੇ ਨਸ਼ਿਆਂ ਵਰਗੇ ਵਿਸ਼ਿਆਂ ‘ਤੇ ਵੀ ਵਿਸਥਾਰ ਨਾਲ ਭਾਸ਼ਣ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਹਿੱਸਾ ਲੈਣ ਵਾਲੇ ਸਾਰੇ ਮੁਲਾਜ਼ਮਾਂ ਨੂੰ ਸੇਫਟੀ ਕੌਂਸਲ ਆਫ਼ ਪੰਜਾਬ ਵੱਲੋਂ ਸਰਟੀਫਿਕੇਟ ਵੀ ਦਿੱਤੇ। ਕੰਪਨੀ ਦੇ ਸੀਨੀਅਰ ਜੀਐੱਮ ਐੱਸਐੱਸ ਸੰਧੂ ਵੱਲੋਂ ਐਨਡੀਆਰਐੱਫ ਟੀਮ ਤੇ ਹੋਰ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਫੈਕਟਰੀ ਮੈਨੇਜਰ ਅਵਨੀਸ਼ ਰਾਓ, ਸਹਾਇਕ ਮੈਨੇਜਰ ਸੁਖਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਡਾ. ਗੁਰਪ੍ਰੀਤ ਸ਼ਰਮਾ ਵੀ ਹਾਜ਼ਰ ਸਨ।