ਸਕੂਟਰੀ ਸਲਿੱਪ ਹੋਣ ਕਾਰਨ ਪਿਤਾ ਦੀ ਮੌਤ, ਧੀ ਗੰਭੀਰ
ਸਕੂਟਰੀ ਸਲਿੱਪ ਹੋਣ ਕਾਰਨ ਪਿਤਾ ਦੀ ਮੌਤ, ਧੀ ਗੰਭੀਰ ਜ਼ਖ਼ਮੀ
Publish Date: Fri, 08 May 2026 04:55 PM (IST)
Updated Date: Sat, 09 May 2026 04:06 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਸ਼ਹਿਰ ਦੇ ਗਣੇਸ਼ਾ ਬਸਤੀ ਗਲੀ ਨੰਬਰ 9 ਵਿਚ ਸਕੂਟਰੀ ਸਲਿੱਪ ਹੋਣ ਕਾਰਨ ਪਿਤਾ-ਧੀ ਰੋਡ ਰੋਲਰ ਦੀ ਚਪੇਟ ’ਚ ਆ ਗਏ। ਹਾਦਸੇ ’ਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ 9 ਸਾਲਾ ਧੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਵਿਸ਼ਾਲ ਗੁਪਤਾ ਆਪਣੀ ਧੀ ਮੰਨਤ ਨਾਲ ਸਕੂਟਰੀ ‘ਤੇ ਜਾ ਰਹੇ ਸਨ। ਇਸ ਦੌਰਾਨ ਘਰ ਦੇ ਬਾਹਰ ਬਣੇ ਰੈਂਪ ‘ਤੇ ਪਈ ਬਜਰੀ ਕਾਰਨ ਸਕੂਟਰੀ ਅਚਾਨਕ ਸਲਿੱਪ ਹੋ ਗਈ ਤੇ ਦੋਵੇਂ ਸੜਕ ਦੇ ਵਿਚਾਲੇ ਡਿੱਗ ਪਏ। ਇਸ ਦੌਰਾਨ ਗਲੀ ’ਚ ਸੜਕ ਨਿਰਮਾਣ ਕੰਮ ਦੌਰਾਨ ਪਿੱਛੇ ਵੱਲ ਆ ਰਿਹਾ ਰੋਡ ਰੋਲਰ ਉਨ੍ਹਾਂ ਉੱਤੇ ਚੜ੍ਹ ਗਿਆ। ਹਾਦਸੇ ’ਚ ਵਿਸ਼ਾਲ ਗੁਪਤਾ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਬੱਚੀ ਮੰਨਤ ਵੀ ਰੋਡ ਰੋਲਰ ਦੀ ਚਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਗਈ। ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ‘ਤੇ ਪਹੁੰਚੀ। ਟੀਮ ਵੱਲੋਂ ਜ਼ਖ਼ਮੀ ਬੱਚੀ ਨੂੰ ਪਹਿਲਾਂ ਨਜ਼ਦੀਕੀ ਨਿੱਜੀ ਹਸਪਤਾਲ ਤੇ ਬਾਅਦ ਵਿਚ ਸਿਵਲ ਹਸਪਤਾਲ ਪਹੁੰਚਾਇਆ। ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਐਂਜਲ ਹਸਪਤਾਲ ਰੈਫਰ ਕਰ ਦਿੱਤਾ। ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਵਿਸ਼ਾਲ ਗੁਪਤਾ ਪੁੱਤਰ ਰਾਜਕੁਮਾਰ ਵਾਸੀ ਅਫੀਮ ਵਾਲੀ ਗਲੀ, ਬਠਿੰਡਾ ਵਜੋਂ ਹੋਈ ਹੈ।ਸਮਾਜਸੇਵੀ ਸੰਸਥਾ ਦੀ ਟੀਮ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।