ਚੋਰੀਸ਼ੁਦਾ ਬਾਈਕ ਸਮੇਤ 2 ਵਿਅਕਤੀ ਕਾਬੂ
ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀ ਗ੍ਰਿਫਤਾਰ
Publish Date: Fri, 08 May 2026 04:25 PM (IST)
Updated Date: Sat, 09 May 2026 04:03 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਤਲਵੰਡੀ ਸਾਬੋ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਚੋਰੀ ਦਾ ਇਕ ਬਾਈਕ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਇਲਾਕੇ ਵਿਚ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਚਰਨਜੀਤ ਸਿੰਘ ਵਾਸੀ ਮਸਤੂਆਣਾ ਮੁਹੱਲਾ (ਤਲਵੰਡੀ ਸਾਬੋ) ਤੇ ਰਾਮ ਕ੍ਰਿਸ਼ਨ ਵਾਸੀ ਬਾਜੀਗਰ ਬਸਤੀ (ਤਲਵੰਡੀ ਸਾਬੋ), ਜੋ ਕਿ ਬਾਈਕ ਚੋਰੀ ਕਰਨ ਅਤੇ ਅੱਗੇ ਵੇਚਣ ਦੇ ਆਦੀ ਹਨ ਤੇ ਚੋਰੀ ਕੀਤੇ ਇਕ ਕਾਲੇ ਰੰਗ ਦੇ ਹੀਰੋ ਸੀਡੀ ਡੀਲਕਸ ਬਾਈਕ ਨੂੰ ਵੇਚਣ ਦੀ ਤਾਕ ਵਿਚ ਤਲਵੰਡੀ ਸਾਬੋ ਤੇ ਆਲੇ-ਦੁਆਲੇ ਦੇ ਪਿੰਡਾਂ ’ਚ ਘੁੰਮ ਰਹੇ ਹਨ। ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਨਾਕਾਬੰਦੀ ਕਰਕੇ ਬਾਈਕ ਸਵਾਰ ਉਕਤ ਦੋਵੇਂ ਵਿਅਕਤੀਆਂ ਨੂੰ ਸ਼ੱਕ ਪੈਣ 'ਤੇ ਰੋਕ ਲਿਆ। ਜਦੋਂ ਪੁਲਿਸ ਵੱਲੋਂ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਹ ਬਾਈਕ ਸਬੰਧੀ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਅਤੇ ਨਾ ਹੀ ਵਾਹਨ ਦੇ ਕਾਗਜ਼ਾਤ ਪੇਸ਼ ਕਰ ਸਕੇ। ਜਦੋਂ ਉਕਤ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਮੁੱਢਲੀ ਪੁੱਛ ਪੜਤਾਲ ਕੀਤੀ ਤਾਂ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਇਹ ਬਾਈਕ ਚੋਰੀ ਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਤਲਵੰਡੀ ਸਾਬੋ ਵਿਖੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਹੁਣ ਤਕ ਕਿੰਨੀਆਂ ਬਾਈਕਾਂ ਚੋਰੀ ਕਰ ਚੁੱਕੇ ਹਨ ਤੇ ਇਹ ਚੋਰੀ ਕੀਤੇ ਵਾਹਨ ਅੱਗੇ ਕਿਸ ਨੂੰ ਵੇਚਦੇ ਸਨ। ਪੁਲਿਸ ਨੂੰ ਇਸ ਮਾਮਲੇ ’ਚ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ।