ਪਾਬੰਦੀਸ਼ੁਦਾ ਪਦਾਰਥਾਂ ਸਮੇਤ ਸੱਤ ਜਣੇ ਕਾਬੂ
ਈ ਰਿਕਸ਼ਾ ਦੀ ਆੜ ਵਿਚ ਨਸ਼ਾ ਸਪਲਾਈ ਕਰਨ ਵਾਲਾ ਗ੍ਰਿਫਤਾਰ, 1 ਕਿੱਲੋ 10 ਗ੍ਰਾਮ ਗਾਂਜਾ ਬਰਾਮਦ
Publish Date: Fri, 08 May 2026 04:19 PM (IST)
Updated Date: Sat, 09 May 2026 04:03 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ 7 ਵਿਅਕਤੀ ਗ੍ਰਿਫ਼ਤਾਰ ਕੀਤੇ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਦੌਰਾਨ ਹੈਰੋਇਨ, ਗਾਂਜਾ, ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਦੀ ਪੁਲਿਸ ਨੇ ਡੋਲਫਿਨ ਹੋਟਲ ਦੇ ਸਾਹਮਣੇ ਕੀਤੀ ਨਾਕਾਬੰਦੀ ਦੌਰਾਨ ਜਯਸ਼ਪ ਜੈਅੰਤ ਵਾਸੀ ਰੇਲਵੇ ਕਾਲੋਨੀ ਬਠਿੰਡਾ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 270 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸੰਤ ਕਬੀਰ ਸਕੂਲ ਦੇ ਨੇੜੇ ਇਕ ਈ-ਰਿਕਸ਼ਾ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ 10 ਗ੍ਰਾਮ ਗਾਂਜਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਭੂਸ਼ਣ ਯਾਦਵ ਵਾਸੀ ਅਰਜੁਨ ਨਗਰ ਵਜੋਂ ਹੋਈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਉਸ ਦਾ ਈ-ਰਿਕਸ਼ਾ ਵੀ ਜ਼ਬਤ ਕਰ ਲਿਆ। ਇਸੇ ਤਰ੍ਹਾਂ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਜੀਦਾ ਇਲਾਕੇ ਵਿੱਚੋਂ ਗੁਰਸੰਗੀਤ ਸਿੰਘ ਵਾਸੀ ਹਰਰਾਏਪੁਰ ਨੂੰ 6.12 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਸੀਂਗੋ ਵਿਖੇ ਕੀਤੀ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 5.77 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਆਧਾਰ ’ਤੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਤੇ ਗਗਨਦੀਪ ਸਿੰਘ ਵਾਸੀ ਪਿੰਡ ਮੈਨੂੰਆਣਾ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿਚ ਥਾਣਾ ਸੰਗਤ ਦੀ ਪੁਲਿਸ ਨੇ ਪੱਕਾ ਕਲਾਂ ਖੇਤਰ ਵਿੱਚੋਂ ਰਜਿੰਦਰ ਕੁਮਾਰ ਵਾਸੀ ਪੱਕਾ ਕਲਾਂ ਨੂੰ 40 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਭੁੱਚੋ ਮੰਡੀ ਦੇ ਰਹਿਣ ਵਾਲੇ ਖੁਸ਼ਕਰਨ ਸਿੰਘ ਨੂੰ ਨਸ਼ੇ ਦੀ ਹਾਲਤ ਵਿਚ ਕਾਬੂ ਕੀਤਾ। ਜਾਂਚ ਅਧਿਕਾਰੀ ਅਨੁਸਾਰ ਜਦੋਂ ਕਥਿਤ ਦੋਸ਼ੀ ਦਾ ਬਠਿੰਡਾ ਦੇ ਹਸਪਤਾਲ ਵਿਚ ਡੋਪ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਦਜ ਕਰ ਲਿਆ ਹੈ।