ਗੈਰ ਕਾਨੂੰਨੀ ਹਿਰਾਸਤ ਦਾ ਮਾਮਲਾ, ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਬਾਅਦ ਥਾਣੇ ’ਚ ਛਾਪੇਮਾਰੀ
ਗੈਰ ਕਾਨੂੰਨੀ ਹਿਰਾਸਤ ਦਾ ਮਾਮਲਾ
Publish Date: Thu, 07 May 2026 08:50 PM (IST)
Updated Date: Thu, 07 May 2026 08:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਕਥਿਤ ਤੌਰ ’ਤੇ ਗੈਰਕਾਨੂੰਨੀ ਹਿਰਾਸਤ ਵਿਚ ਰੱਖਣ ਦੀ ਸ਼ਿਕਾਇਤ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਜਾਂਚ ਅਧਿਕਾਰੀ ਨੇ ਬੁੱਧਵਾਰ ਰਾਤ ਥਾਣਾ ਸਿਟੀ ਰਾਮਪੁਰਾ ਵਿਚ ਛਾਪਾ ਮਾਰਿਆ। ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਕਰੀਬ ਦੋ ਘੰਟੇ ਤੱਕ ਥਾਣੇ ਵਿਚ ਰਹੇ ਅਤੇ ਕੁਝ ਰਿਕਾਰਡ ਆਪਣੇ ਨਾਲ ਲੈ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭੁਪਿੰਦਰ ਸਿੰਘ ਵੱਲੋਂ ਆਪਣੇ ਭਰਾ ਜਗਰੂਪ ਸਿੰਘ ਦੇ ਆਧਾਰ ’ਤੇ ਦਾਇਰ ਕੀਤੀ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਪੁਲਿਸ ਵੱਲੋਂ ਦੋ ਮਾਮਲਿਆਂ ਵਿਚ ਨਾਮਜ਼ਦ ਇਕ ਮੁਲਜ਼ਮ ਦੇ ਪਿਤਾ ਜਗਰੂਪ ਸਿੰਘ ਨੂੰ ਗੈਰਕਾਨੂੰਨੀ ਤੌਰ ’ਤੇ ਹਿਰਾਸਤ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਸ਼ਿਕਾਇਤ ਵਿਚ ਐੱਨਡੀਪੀਐੱਸ ਐਕਟ ਤਹਿਤ 6 ਮਈ ਨੂੰ ਨਾਮਜ਼ਦ ਕੀਤੇ ਗਏ ਇਕ ਨੌਜਵਾਨ ਪ੍ਰਦੀਪ ਕੁਮਾਰ ਨੂੰ ਜ਼ਮਾਨਤੀ ਧਾਰਾਵਾਂ ਹੋਣ ਦੇ ਬਾਵਜੂਦ ਪੁਲਿਸ ਹਿਰਾਸਤ ਵਿਚ ਰੱਖਣ ਦੇ ਦੋਸ਼ ਲਾਏ ਗਏ ਹਨ। ਉਕਤ ਸ਼ਿਕਾਇਤਾਂ ਦੇ ਆਧਾਰ ’ਤੇ ਮਾਣਯੋਗ ਅਦਾਲਤ ਵੱਲੋਂ ਨਿਯੁਕਤ ਜਾਂਚ ਅਧਿਕਾਰੀ ਨੇ ਥਾਣਾ ਸਿਟੀ ਰਾਮਪੁਰਾ ਵਿਚ ਛਾਪਾ ਮਾਰ ਕੇ ਰਿਕਾਰਡ ਦੀ ਜਾਂਚ ਕੀਤੀ। ਸੂਤਰਾਂ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਕੀਤੀ ਜਾਵੇਗੀ। ਉਧਰ ਥਾਣਾ ਸਿਟੀ ਰਾਮਪੁਰਾ ਦੇ ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ 6 ਮਈ ਨੂੰ ਐੱਨਡੀਪੀਐੱਸ ਐਕਟ ਤਹਿਤ ਦਰਜ ਮਾਮਲੇ ਵਿਚ ਹਵਾਲਾਤ ਵਿਚ ਬੰਦ ਸੀ ਅਤੇ ਇਸ ਸਬੰਧੀ ਸਾਰਾ ਰਿਕਾਰਡ ਜਾਂਚ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ। ਜਦਕਿ ਜਗਰੂਪ ਸਿੰਘ ਨੂੰ ਗੈਰਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਜਾਂਚ ਦੌਰਾਨ ਜਗਰੂਪ ਸਿੰਘ ਆਪਣੇ ਵਕੀਲ ਨਾਲ ਖੁਦ ਪੁਲਿਸ ਥਾਣੇ ਆਇਆ ਸੀ।