ਅਤੀ-ਸੁਰੱਖਿਆ ਵਾਲੀ ਜੇਲ੍ਹ ’ਚ ਵਾਰ-ਵਾਰ ਸੰਨ੍ਹ: ਅੰਦਰੂਨੀ ਮਿਲੀਭੁਗਤ ਨਾਲ ਫਲ-ਫੁਲ ਰਿਹਾ ਨਸ਼ੇ ਦਾ ਨੈੱਟਵਰਕ

2019 ਤੋਂ 2026 ਤਕ ਕਈ ਜੇਲ੍ਹ ਮੁਲਾਜ਼ਮ ਗ੍ਰਿਫ਼ਤਾਰ, ਫਿਰ ਵੀ ਨਸ਼ਿਆਂ ਤੇ ਮੋਬਾਈਲ ਸਪਲਾਈ ਦੀ ਨਹੀਂ ਟੁੱਟੀ ਚੇਨ
ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ, 20 ਦਿਨ੍ਹਾਂ ’ਚ ਅਰਧ ਸੁਰੱਖਿਆ ਬਲਾ ਦੇ ਦੋ ਜਵਾਨ ਨਸ਼ੇ ਸਮੇਤ ਕਾਬੂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਅਤੀ-ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਵਿੱਚ ਇਕ ਤੋਂ ਬਾਅਦ ਇਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਣ ਨਾਲ ਸੁਰੱਖਿਆ ਵਿੱਚ ਤਾਇਨਾਤ ਬੀਐਸਐਫ਼ ਅਤੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਾਲ ਹੀ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਤੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੀਆਂ ਘਟਨਾਵਾਂ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਨ ਵਾਲੇ ਨੈੱਟਵਰਕ ਵੱਲ ਇਸ਼ਾਰਾ ਕਰਦੀਆਂ ਹਨ, ਜਿਹੜਾ ਕਿ ਅੰਦਰੂਨੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਲੱਗਦਾ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਤੀ-ਸੁਰੱਖਿਆ ਜੇਲ੍ਹ ਵਿੱਚ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ ਤਾਂ ਇਹ ਸਿਰਫ਼ ਵਿਅਕਤੀਗਤ ਗਲਤੀਆਂ ਨਹੀਂ, ਸਗੋਂ ਪੂਰੇ ਸਿਸਟਮ ਦੀ ਕਮਜ਼ੋਰੀ ਨੂੰ ਦਰਸਾਉਂਦੀਆਂ ਹਨ। ਬਠਿੰਡਾ ਜੇਲ੍ਹ ਦਾ ਪਿਛਲੇ ਛੇ ਸਾਲਾਂ ਦਾ ਰਿਕਾਰਡ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ, ਜਿੱਥੇ ਕਈ ਕਰਮਚਾਰੀ ਨਸ਼ੀਲੇ ਪਦਾਰਥਾਂ ਜਾਂ ਤਸਕਰੀ ਨਾਲ ਸਬੰਧਤ ਮਾਮਲਿਆਂ ਵਿੱਚ ਫੜੇ ਜਾ ਚੁੱਕੇ ਹਨ। ਮੌਜੂਦਾ ਸਮੇਂ ਵਾਪਰੀਆਂ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬਠਿੰਡਾ ਦੀ ਅਤੀ-ਸੁਰੱਖਿਆ ਕੇਂਦਰੀ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਇਹ ਨੈੱਟਵਰਕ ਹੋਰ ਮਜ਼ਬੂਤ ਹੋ ਸਕਦਾ ਹੈ, ਜਿਸਦੇ ਮਾੜੇ ਨਤੀਜੇ ਸਾਹਮਣੇ ਆ ਸਕਦੇ ਹਨ।
-----
ਮਾਮਲਾ ਨੰਬਰ 1
ਇਸ ਵਾਰ ਮਾਮਲਾ ਖਾਸ ਤੌਰ ’ਤੇ ਗੰਭੀਰ ਹੈ, ਕਿਉਂਕਿ ਜੇਲ੍ਹ ਸੁਰੱਖਿਆ ਲਈ ਤਾਇਨਾਤ ਕਰਮਚਾਰੀ ਹੀ ਗੈਂਗਸਟਰਾਂ ਤਕ ਨਸ਼ੀਲੇ ਪਦਾਰਥ ਪਹੁੰਚਾਉਣ ਵਿੱਚ ਸ਼ਾਮਲ ਪਾਏ ਗਏ ਹਨ। 13 ਅਪ੍ਰੈਲ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ ) ਦੇ ਕਾਂਸਟੇਬਲ ਰਜਿੰਦਰ ਸਿੰਘ ਵਾਸੀ ਮੰਡੀ ਡੱਬਵਾਲੀ ਤੋਂ ਤਲਾਸ਼ੀ ਦੌਰਾਨ ਉਸ ਕੋਲੋਂ 23.99 ਗ੍ਰਾਮ ਅਫੀਮ, 158 ਗ੍ਰਾਮ ਤੰਬਾਕੂ ਅਤੇ ਸਿਗਰਟਾਂ ਦਾ ਇਕ ਪੈਕੇਟ ਬਰਾਮਦ ਕੀਤਾ ਗਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਮੱਗਰੀ ਜੇਲ੍ਹ ਅੰਦਰ ਕੈਦੀਆਂ ਤੇ ਹਵਾਲਾਤੀਆਂ ਤਕ ਪਹੁੰਚਾਉਣ ਲਈ ਲਿਆਂਦੀ ਜਾ ਰਹੀ ਸੀ। ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਪੈਸਿਆਂ ਲਈ ਉਹ ਨਸ਼ਾ ਸਪਲਾਈ ਕਰਜ ਰਿਾ ਸੀ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਉਹ ਕਿੰਨੇ ਸਮੇਂ ਤੋਂ ਇਸ ਨੈੱਟਵਰਕ ਦਾ ਹਿੱਸਾ ਸੀ ਅਤੇ ਕੀ ਇਸ ਵਿੱਚ ਹੋਰ ਕਰਮਚਾਰੀ ਜਾਂ ਅਧਿਕਾਰੀ ਤਾਂ ਸ਼ਾਮਲ ਨਹੀ ਸੀ।
-----
ਮਾਮਲਾ ਨੰਬਰ 2
2 ਮਈ ਨੂੰ ਆਈਆਰਬੀ ਦੇ ਸੀਨੀਅਰ ਕਾਂਸਟੇਬਲ ਅੰਗਰੇਜ਼ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਹ ਜੇਲ੍ਹ ਵਿਚ ਡਿਊਟੀ ਦੌਰਾਨ ਆਪਣੀ ਪੱਗ ਵਿੱਚ ਹੈਰੋਇਨ (ਚਿੱਟਾ) ਲੁਕਾ ਕੇ ਜੇਲ੍ਹ ਅੰਦਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਲਾਸ਼ੀ ਦੌਰਾਨ ਉਸ ਦੀ ਪੱਗ ਵਿੱਚੋਂ 34 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਰਿਮਾਂਡ ਦੌਰਾਨ ਅੰਗਰੇਜ਼ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਏ-ਸ੍ਰੇਣੀ ਦੇ ਗੈਂਗਸਟਰ ਸਾਗਰ ਉਰਫ਼ ਬੌਬੀ ਮਲਹੋਤਰਾ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਦਾ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਉਸ ਨੇ ਦੱਸਿਆ ਕਿ ਹਰ ਖੇਪ ਪਹੁੰਚਾਉਣ ਦੇ ਬਦਲੇ ਉਸ ਨੂੰ 20 ਹਜ਼ਾਰ ਰੁਪਏ ਮਿਲਦੇ ਸਨ। ਦੋਸ਼ੀ ਨੇ ਇਹ ਵੀ ਕਬੂਲਿਆ ਕਿ ਉਹ ਲੰਬੇ ਸਮੇਂ ਤੋਂ ਗੈਂਗਸਟਰ ਦੇ ਸੰਪਰਕ ਵਿੱਚ ਸੀ ਅਤੇ ਲਾਲਚ ਵੱਸ ਇਸ ਧੰਦੇ ਵਿੱਚ ਸ਼ਾਮਲ ਹੋ ਗਿਆ। ਥਾਣਾ ਕੈਂਟ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਬੌਬੀ ਮਲਹੋਤਰਾ ਨੂੰ ਵੀ ਨਾਮਜ਼ਦ ਕੀਤਾ ਹੈ। ਅਧਿਕਾਰੀਆਂ ਮੁਤਾਬਕ ਬੌਬੀ ਮਲਹੋਤਰਾ ਖ਼ਿਲਾਫ਼ ਕਤਲ ਅਤੇ ਡਕੈਤੀ ਸਮੇਤ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਲੰਬੇ ਸਮੇਂ ਤੋਂ ਇਸੇ ਜੇਲ੍ਹ ਵਿੱਚ ਬੰਦ ਹੈ।
-----
ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਫਿਰ ਵੀ ਸਿਸਟਮ ਢਿੱਲਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੇਲ੍ਹ ਸਟਾਫ ਨੂੰ ਨਸ਼ੀਲੇ ਪਦਾਰਥਾਂ ਜਾਂ ਤਸਕਰੀ ਨਾਲ ਸਬੰਧਤ ਮਾਮਲਿਆਂ ਵਿੱਚ ਫੜਿਆ ਗਿਆ ਹੋਵੇ। ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
2019 ਵਿੱਚ ਜੇਲ੍ਹ ਗਾਰਡਾਂ ਅਤੇ ਪੇਸਕੋ ਕਰਮਚਾਰੀਆਂ ਕੋਲੋਂ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ, ਮੋਬਾਈਲ ਫੋਨ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ। ਇਸ ਤੋਂ ਬਾਅਦ 2020 ਵਿੱਚ ਇਕ ਪੈਰਾ ਲੀਗਲ ਵਲੰਟੀਅਰ ਨੂੰ ਕੈਦੀ ਤਕ ਮੋਬਾਈਲ ਫੋਨ ਅਤੇ ਤੰਬਾਕੂ ਪਹੁੰਚਾਉਂਦੇ ਹੋਏ ਕਾਬੂ ਕੀਤਾ ਗਿਆ।
2022 ਵਿੱਚ ਇਕ ਜੇਲ੍ਹ ਵਾਰਡਰ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 2024 ਅਤੇ 2025 ਵਿੱਚ ਹੈੱਡ ਵਾਰਡਰ, ਏਐਸਆਈ ਅਤੇ ਹੋਰ ਸਟਾਫ ਕੋਲੋਂ ਵੀ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆਏ ਸਨ।
ਇਹ ਘਟਨਾਵਾਂ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ ਕਿ ਜੇਲ੍ਹ ਅੰਦਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਨੈੱਟਵਰਕ ਲਗਾਤਾਰ ਸਰਗਰਮ ਹੈ ਅਤੇ ਅੰਦਰੂਨੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
-----
ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ
ਅਤੀ-ਸੁਰੱਖਿਆ ਵਾਲੀਆਂ ਜੇਲ੍ਹਾਂ ਵਿੱਚ ਦਾਖ਼ਲੇ ਤੋਂ ਪਹਿਲਾਂ ਬਹੁ-ਪੱਧਰੀ ਜਾਂਚ, ਸੀਸੀਟੀਵੀ ਨਿਗਰਾਨੀ ਅਤੇ ਸਖ਼ਤ ਪ੍ਰੋਟੋਕੋਲ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। ਇਸਦੇ ਬਾਵਜੂਦ ਜੇਕਰ ਕਰਮਚਾਰੀ ਵਾਰ-ਵਾਰ ਨਸ਼ੀਲੇ ਪਦਾਰਥਾਂ ਸਮੇਤ ਅੰਦਰ ਦਾਖ਼ਲ ਹੋ ਰਹੇ ਹਨ, ਤਾਂ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਕਮੀਆਂ ਕਿੱਥੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਰਸਮੀ ਜਾਂਚ ਕਾਫ਼ੀ ਨਹੀਂ। ਤਕਨੀਕੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਅਤੇ ਕਰਮਚਾਰੀਆਂ ਦੀ ਨਿਯਮਤ ਜਾਂਚ ਲਾਜ਼ਮੀ ਹੈ। ਇਸ ਤੋਂ ਇਲਾਵਾ ਸੰਵੇਦਨਸ਼ੀਲ ਅਹੁਦਿਆਂ ’ਤੇ ਲੰਬੇ ਸਮੇਂ ਤੋਂ ਤਾਇਨਾਤ ਕਰਮਚਾਰੀਆਂ ਦੀ ਸਮੇਂ-ਸਮੇਂ ’ਤੇ ਬਦਲੀ ਵੀ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੈੱਟਵਰਕ ਜਾਂ ਸੈਟਿੰਗ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
-----
ਜੇਲ੍ਹ ਵਿਚ ਬੰਦ ਹਨ ਏ ਸ੍ਰੇਣੀ ਦੇ ਕਈ ਗੈਂਗਸਟਰ
ਰਾਜ ਦੇ ਕਈ ਬਦਨਾਮ ਗੈਂਗਸਟਰ ਅਤੇ ‘ਏ-ਸ੍ਰੇਣੀ’ ਅਪਰਾਧੀ ਬਠਿੰਡਾ ਦੀ ਅਤੀ-ਸੁਰੱਖਿਆ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਇਸ ਕਾਰਨ ਹਮੇਸ਼ਾਂ ਇਹ ਖ਼ਤਰਾ ਬਣਿਆ ਰਹਿੰਦਾ ਹੈ ਕਿ ਉਹ ਬਾਹਰੀ ਨੈੱਟਵਰਕਾਂ ਨਾਲ ਸੰਪਰਕ ਬਣਾਈ ਰੱਖ ਸਕਦੇ ਹਨ ਅਤੇ ਜੇਲ੍ਹ ਅੰਦਰੋਂ ਹੀ ਗਤੀਵਿਧੀਆਂ ਚਲਾ ਸਕਦੇ ਹਨ। ਜੇਕਰ ਉਨ੍ਹਾਂ ਨੂੰ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਅਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ, ਤਾਂ ਇਹ ਨਾ ਸਿਰਫ਼ ਕਾਨੂੰਨ-ਵਿਵਸਥਾ ਲਈ ਖ਼ਤਰਾ ਹੈ, ਸਗੋਂ ਜੇਲ੍ਹ ਪ੍ਰਸ਼ਾਸਨ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਜਦਕਿ ਜੇਲ੍ਹਾਂ ਨੂੰ ਸੁਧਾਰ ਘਰ ਮੰਨਿਆ ਜਾਂਦਾ ਹੈ, ਪਰ ਜੇਕਰ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜੇਲ੍ਹ ਅੰਦਰੋਂ ਹੀ ਚਲ ਰਹੀ ਹੋਵੇ, ਤਾਂ ਇਹ ਕਾਨੂੰਨ-ਵਿਵਸਥਾ ਲਈ ਗੰਭੀਰ ਚੁਣੌਤੀ ਬਣ ਜਾਂਦੀ ਹੈ। ਮਾਹਿਰਾਂ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਹੋਰ ਕਰਮਚਾਰੀ ਜਾਂ ਨੈੱਟਵਰਕ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ