ਸ੍ਰੋਮਣੀ ਅਕਾਲੀ ਦਲ ਵੱਖ ਵੱਖ ਵਿੰਗਾਂ ਦੇ ਪ੍ਰਧਾਨਾਂ ਸਮੇਤ ਅਹੁਦੇਦਾਰ ਦੀ ਨਿਯੁਕਤੀ ’ਚ ਪਛੜਿਆ

- ‘ਆਪ’ ਤੇ ਕਾਂਗਰਸ ਵੱਡੀ ਗਿਣਤੀ ’ਚ ਅਹੁਦੇਦਾਰ ਕਰ ਰਹੀ ਨਿਯੁਕਤ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਪੰਜਾਬ ਦੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਕਾਂਗਰਸ ਵੱਲੋਂ ਜਿੱਥੇ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਵਿੰਗਾਂ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਵਿੰਗਾਂ ਦੀਆਂ ਨਿਯੁਕਤੀਆਂ ਕਰਨ ਦੇ ਮੁਕਾਬਲੇ ਆਪ ਅਤੇ ਕਾਂਗਰਸ ਤੋਂ ਪਿੱਛੇ ਰਹਿੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਪ ਨੇ ਪੰਜਾਬ ਦੀਆਂ 623 ਔਰਤਾਂ ਨੂੰ ਬਲਾਕ ਕੋਆਰਡੀਨੇਟਰ ਲਾਇਆ, ਜਦਕਿ ਸ਼੍ਰੋਮਣੀ ਅਕਾਲੀ ਦਲ ਹੇਠਲੇ ਪੱਧਰ ’ਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਲਗਾਉਣ ਵਿਚ ਪੱਛੜ ਚੁੱਕਾ ਹੈ। ਆਗਾਮੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਤਾ ਪ੍ਰਾਪਤੀ ਲਈ ਹਰ ਸਿਆਸੀ ਹੀਲਾ ਵਰਤ ਰਹੇ ਹਨ। ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵੀ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰਕੇ ਸਿਆਸਤ ਵਿਚ ਵੱਡਾ ਸਿਆਸੀ ਕਰਿਸ਼ਮਾ ਕਰਨ ਦੀ ਤਾਕ ਵਿਚ ਹਨ। ਉਕਤ ਸਿਆਸੀ ਪਾਰਟੀਆਂ ਨੇ ਵੀ ਆਪਣੇ ਵਰਕਰਾਂ ਨੂੰ ਸਰਗਰਮ ਕਰਨ ਅਹੁਦੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ।
ਭਰੋਸੇਯੋਗ ਸੂਤਰਾਂ ਤੇ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਸੂਬਾ ਪੱਧਰ ’ਤੇ ਕੁਝ ਅਹੁਦੇਦਾਰਾਂ ਦੀ ਨਿਯੁਕਤੀ ਕਰ ਕੇ ਆਪਣੀ ਮੌਜੂਦਗੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਵਰਕਰਾਂ ਦੀ ਪਿੰਡਾਂ ਵਿਚ ਵੱਡੀ ਫੌਜ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ, ਹਲਕਾ ਅਤੇ ਬੂਥ ਪੱਧਰ ’ਤੇ ਸੰਗਠਨ ਹਾਲੇ ਵੀ ਕਮਜ਼ੋਰ ਹੈ। ਖ਼ਾਸ ਤੌਰ ’ਤੇ ਯੂਥ ਵਿੰਗ, ਮਹਿਲਾ ਵਿੰਗ, ਕਿਸਾਨ ਵਿੰਗ ਅਤੇ ਮਜ਼ਦੂਰ ਵਿੰਗਾਂ ਵਿੱਚ ਵੱਡੇ ਪੱਧਰ ’ਤੇ ਖਾਲੀਪਣ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਜੁੜਨ ਲਈ ਐੱਨਆਰਆਈ ਵਿੰਗ ਦੀਆਂ ਨਿਯੁਕਤੀਆਂ ਵੀ ਅਜੇ ਤਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਸਕੀਆਂ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਰਕਰਾਂ ਨੂੰ ਅਹੁਦੇ ਦੇ ਕੇ ਵਰਕਰਾਂ ਵਿਚ ਜੋਸ਼ ਪੈਦਾ ਕੀਤਾ ਜਾ ਰਿਹਾ ਹੈ। ਕਾਂਗਰਸ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ ਅਤੇ ਵੱਖ-ਵੱਖ ਵਿੰਗਾਂ ਵਿਚ ਤਾਜ਼ਾ ਨਿਯੁਕਤੀਆਂ ਕਰ ਕੇ ਆਪਣੀ ਸੰਗਠਨਾਤਮਕ ਤਾਕਤ ਨੂੰ ਵਧਾ ਰਹੀ ਹੈ। ਇਹ ਦੋਵੇਂ ਪਾਰਟੀਆਂ ਜਿੱਥੇ ਚੋਣ ਮੈਦਾਨ ਵਿਚ ਮਜ਼ਬੂਤ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਧੀਮੀ ਰਫ਼ਤਾਰ ਉਸ ਦੇ ਵਰਕਰਾਂ ਵਿਚ ਨਿਰਾਸ਼ਾ ਪੈਦਾ ਕਰ ਰਹੀ ਹੈ। ਪਾਰਟੀ ਦੇ ਅੰਦਰੂਨੀ ਹਲਕਿਆਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਕਈ ਸੀਨੀਅਰ ਅਤੇ ਨੌਜਵਾਨ ਆਗੂ ਲੰਮੇ ਸਮੇਂ ਤੋਂ ਜ਼ਿੰਮੇਵਾਰੀਆਂ ਦੀ ਉਡੀਕ ਕਰ ਰਹੇ ਹਨ। ਅਹੁਦਿਆਂ ਦੀ ਵੰਡ ਵਿਚ ਹੋ ਰਹੀ ਦੇਰੀ ਕਾਰਨ ਕੁਝ ਵਰਕਰ ਨਿਰਾਸ਼ ਹੋ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਜੇਕਰ ਪਾਰਟੀ ਆਪਣੇ ਸੰਗਠਨ ਨੂੰ ਨੀਵੇਂ ਪੱਧਰ ਤਕ ਮਜ਼ਬੂਤ ਨਹੀਂ ਕਰਦੀ ਤਾਂ ਇਸਦਾ ਨੁਕਸਾਨ ਸਿੱਧਾ ਵੋਟ ਬੈਂਕ ‘ਤੇ ਪੈ ਸਕਦਾ ਹੈ। ਐੱਨਆਰਆਈ ਵਿੰਗ ਦੇ ਸੀਨੀਅਰ ਅਕਾਲੀ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਅਕਾਲੀ ਹਾਂ ਅਕਾਲੀ ਰਹਾਂਗੇ ਪਰ ਅਕਾਲੀ ਦਲ ਵੱਲੋਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵਿਚ ਦੇਰੀ ਅਕਾਲੀ ਦਲ ਲਈ ਸਿਆਸੀ ਖਤਰੇ ਦੇ ਸੰਕੇਤ ਹਨ। ਉਨ੍ਹਾਂ ਦੱਸਿਆ ਕਿ ਆਪ ਵੱਲੋਂ ਇਕ ਬਲਾਕ ਵਿਚ ਇਕੋ ਵਿੰਗ ਦੇ 20-20 ਕੋਆਰਡੀਨੇਟਰ ਲਗਾਏ ਜਾਂਦੇ ਹਨ ਜਦਕਿ ਅਕਾਲੀ ਦਲ ਆਪਣੇ ਵਰਕਰਾਂ ਨੂੰ ਅਹੁਦੇ ਦੇਣ ਦੇ ਮਾਮਲੇ ਵਿਚ ਸੁਸਤ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੁਰੰਤ ਪ੍ਰਭਾਵ ਨਾਲ ਵੱਖ-ਵੱਖ ਵਿੰਗਾਂ ਵਿਚ ਹੇਠਲੇ ਪੱਧਰ ਤਕ ਨਿਯੁਕਤੀਆਂ ਕਰ ਕੇ ਵਰਕਰਾਂ ਨੂੰ ਸਰਗਰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਰਕਰ ਹੀ ਸਿਆਸੀ ਪਾਰਟੀ ਦੀ ਅਸਲੀ ਤਾਕਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ। ਜੇਕਰ ਸਮੇਂ ਸਿਰ ਖਾਮੀਆਂ ਦੂਰ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।