ਪੂਰੇ ਦੇਸ਼ ਅੰਦਰ ਨਰਮੇ ਹੇਠ 44 ਫ਼ੀਸਦੀ ਰਕਬਾ ਘਟਿਆ, ਝੋਨੇ ’ਚ ਤਬਦੀਲ ਹੋ ਰਹੀ ਹੈ ਨਰਮਾ ਪੱਟੀ
ਪੂਰੇ ਦੇਸ਼ ਅੰਦਰ ਨਰਮੇ ਹੇਠ 44 ਫੀਸਦੀ ਰਕਬਾ ਘਟਿਆ, ਝੋਨੇ ’ਚ ਤਬਦੀਲ ਹੋ ਰਹੀ ਹੈ ਨਰਮਾ ਪੱਟੀ
Publish Date: Thu, 07 May 2026 06:27 PM (IST)
Updated Date: Thu, 07 May 2026 06:29 PM (IST)

-ਚਿੰਤਾ : ਬਠਿੰਡਾ ’ਚ ਚਾਰ ਸਾਲਾਂ ਦੌਰਾਨ ਝੋਨੇ ਹੇਠ 61 ਹਜ਼ਾਰ ਹੈੱਕਟੇਅਰ ਰਕਬਾ ਵਧਿਆ - ਨਰਮੇ ਦਾ ਘੱਟ ਮੁੱਲ, ਘੱਟ ਪੈਦਾਵਾਰ ਕਾਰਨ ਘਟਿਆ ਰਕਬਾ, ਸੈਂਟਰਲ ਤੇ ਸਾਊਥ ਜ਼ੋਨ ’ਚ ਵੀ ਘਟਿਆ ਰਕਬਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਰਮਾ ਪੱਟੀ ਵਜੋਂ ਜਾਣੇ ਜਾਂਦੇ ਉਤਰ ਭਾਰਤ ਵਿਚ ਵੀ ਨਰਮੇ ਹੇਠ ਰਕਬਾ ਘਟਿਆ ਹੈ, ਜਿਸ ਕਾਰਨ ਕੇਂਦਰ ਸਰਕਾਰ ਵੀ ਚਿੰਤ ਹੈ। ਦੋ ਸਾਲ ਦੌਰਾਨ ਹੀ ਨਰਮੇ ਹੇਠਾਂ ਰਕਬਾ 15.52 ਲੱਖ ਹੈਕਟੇਅਰ ਤੋਂ ਘਟ ਕੇ 10.72 ਲੱਖ ਹੈਕਟੇਅਰ ਤਕ ਸਿਮਟ ਗਿਆ, ਜਿਸ ਕਾਰਨ ਨਰਮੇ ਦੀ ਪੈਦਾਵਾਰ ਵੀ ਘਟੀ ਹੈ। ਸਾਲ 2026 ਦੌਰਾਨ ਨਰਮੇ ਹੇਠ ਰਕਬਾ ਹੋਰ ਘਟਣ ਦੀ ਸੰਭਾਵਨਾ ਬਣ ਗਈ ਹੈ। ਉੱਤਰੀ ਭਾਰਤ ਵਿੱਚੋਂ ਨਰਮੇ ਹੇਠ ਰਕਬੇ ਦਾ ਘਟਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਉੱਤਰੀ ਭਾਰਤ ਵਿਚ ਨਰਮੇ ਹੇਠ ਰਕਬਾ 33 ਫ਼ੀਦਸੀ ਘਟਿਆ ਹੈ ਜਦੋਂ ਪੰਜਾਬ ਦੇ ਖੇਤੀਬਾੜੀ ਮਾਹਿਰਾਂ ਅਨੁਸਾਰ ਪੂਰੇ ਦੇਸ਼ ਅੰਦਰ ਨਰਮੇ ਹੇਠ ਰਕਬੇ ਵਿਚ 44 ਫ਼ੀਸਦੀ ਤਕ ਕਮੀ ਆਈ ਹੈ। ਭਾਵੇਂ ਸਰਕਾਰਾਂ ਨਰਮੇ ਦੀ ਬਿਜਾਈ ਲਈ ਕਿਸਾਨਾਂ ਨੂੰ ਲਾਗਤਾਰ ਉਤਸ਼ਾਹਿਤ ਕਰਦੀਆਂ ਆ ਰਹੀਆਂ ਹਨ ਪਰ ਇਸਦੇ ਬਾਵਜੂਦ ਨਰਮੇ ਦੀ ਬਜਾਏ ਕਿਸਾਨ ਝੋਨੇ ਦੀ ਬਿਜਾਈ ਨੂੰ ਪਹਿਲ ਦੇਣ ਲੱਗੇ ਹਨ। ਇਹੀ ਕਾਰਨ ਹੈ ਕਿ ਹੁਣ ਉੱਤਰੀ ਭਾਰਤੀ ਨਰਮਾ ਪੱਟੀ ਵੀ ਝੋਨਾ ਪੱਟੀ ਵਿਚ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ। ਖੇਤੀਬਾੜੀ ਵਿਭਾਗ ਅਤੇ ਹੋਰ ਸਰੋਤਾਂ ਤੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਿਕ ਪਿਛਲੇ ਸਾਲ 2023-24 ਦੌਰਾਨ ਪੰਜਾਬ ਵਿਚ ਨਰਮੇ ਹੇਠ ਰਕਬਾ 1.73 ਲੱਖ ਹੈੱਕਟੇਅਰ ਸੀ, ਜਦਕਿ ਹਰਿਆਣਾ ਵਿਚ 5.85 ਲੱਖ ਹੈੱਕਟੇਅਰ, ਅੱਪਰ ਰਾਜਸਥਾਨ ਵਿਚ 4.38 ਲੱਖ ਹੈੱਕਟੇਅਰ ਅਤੇ ਲੋਅਰ ਰਾਜਸਥਾਨ 3.56 ਲੱਖ ਹੈਕਟੇਅਰ ਰਕਬਾ ਨਰਮੇ ਹੇਠ ਸੀ। ਇਸ ਤਰ੍ਹਾਂ ਉੱਤਰ ਭਾਰਤ ਵਿਚ ਕੁੱਲ 15.52 ਲੱਖ ਹੈੱਕਟੇਅਰ ਰਕਬਾ ਨਰਮੇ ਹੇਠ ਰੱਖਿਆ ਗਿਆ। ਪਰ ਨਰਮੇ ਹੇਠ ਇਹ ਰਕਬਾ ਵੱਡੀ ਤਾਦਾਦ ਵਿਚ ਘਟਿਆ ਹੈ, ਜਿਵੇਂ ਕਿ ਪੰਜਾਬ ਵਿਚ 1 ਲੱਖ 5 ਹਜ਼ਾਰ ਹੈੱਕਟੇਅਰ, ਹਰਿਆਣਾ ਵਿਚ 4.60 ਹੈੱਕਟੇਅਰ, ਅੱਪਰ ਰਾਜਸਥਨ ਵਿਚ 2.50 ਹੈੱਕਟੇਅਰ ਅਤੇ ਲੋਅਰ ਰਾਜਸਥਾਨ ਵਿਚ 2.65 ਲੱਖ ਹੈੱਕਟੇਅਰ ਰਕਬਾ ਹੀ ਨਰਮੇ ਹੇਠ ਰਹਿ ਗਿਆ ਹੈ। ਉੱਤਰ ਭਾਰਤ ਵਿਚ ਨਰਮੇ ਹੇਠ ਜਿਨ੍ਹਾਂ ਵੀ ਰਕਬਾ ਘਟਿਆ ਹੈ, ਉਸ ਵਿਚੋਂ ਜ਼ਿਆਦਾ ਰਕਬਾ ਝੋਠੇ ਚਲਾ ਗਿਆ ਹੈ। ਹਰਿਆਣਾ ਦਾ ਘਟਿਆ ਰਕਬਾ ਝੋਨੇ ਦੇ ਨਾਲ ਨਾਲ ਬਾਜਰੇ ਅਤੇ ਮੂੰਗਫਲੀ ਹੇਠ ਵੀ ਆਇਆ ਹੈ। ਰਾਜਸਥਾਨ ਵਿਚ ਨਰਮੇ ਵਾਲਾ ਖੇਤਰ ਮੂੰਗਫਲੀ, ਬਾਜਰਾ, ਗਵਾਰਾ ਅਤੇ ਮੂੰਗੀ ਹੇਠ ਚਲਾ ਗਿਆ ਹੈ। ਜਦਕਿ ਹਨੂੰਮਾਨਗੜ੍ਹ ਖੇਤਰ ਵਿਚ ਵੱਡੇ ਰਕਬੇ ਵਿਚ ਝੋਨਾ ਵੀ ਲੱਗ ਰਿਹਾ ਹੈ। ----- - ਚਾਰ ਸਾਲ ’ਚ ਝੋਨੇ ਹੇਠ 61 ਹਜ਼ਾਰ ਹੈੱਕਟੇਅਰ ਰਕਬਾ ਵਧਿਆ ਨਰਮਾ ਪੱਟੀ ਵਜੋਂ ਜਾਣਿਆਂ ਜਾਂਦਾ ਮਾਲਵਾ ਖੇਤਰ ਝੋਨੇ ਵਿਚ ਤਬਦੀਲ ਹੋ ਰਿਹਾ ਹੈ। ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਤੋਂ ਮੂੰਹ ਮੋੜ ਲੈਣ ਦਾ ਰੁਝਾਨ ਧਰਤੀ ਹੇਠਲੇ ਪਾਣੀ ਲਈ ਵੀ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਮਾਲਵਾ ਖੇਤਰ ਵਿਚ ਲਗਾਤਾਰ ਨਰਮੇ ਹੇਠ ਰਕਬਾ ਘੱਟਦਾ ਜਾ ਰਿਹਾ ਹੈ ਜਦੋਂ ਕਿ ਝੋਨੇ ਹੇਠ ਰਕਬਾ ਲਗਾਤਾਰ ਵੱਧ ਰਿਹਾ ਹੈ। ਨਰਮੇ ਦੀ ਬਿਜਾਈ ਉਨ੍ਹਾਂ ਖੇਤਾਂ ਵਿਚ ਹੀ ਰਹੀ ਹੈ ਜਿਥੇ ਝੋਨੇ ਦੀ ਬਿਜਾਈ ਨਹੀਂ ਹੋ ਸਕਦੀ। ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 2022 ਵਿਚ ਨਰਮੇ ਹੇਠ ਰਕਬਾ 70.05 ਹਜ਼ਾਰ ਹੈਕਟੇਅਰ ਸੀ ਜਦੋਂ ਕਿ ਝੋਨਾ 1.89 ਲੱਖ ਹਕਟੇਅਰ ਵਿਚ ਬੀਜਿਆ ਗਿਆ ਸੀ। ਇਸ ਤੋਂ ਅਗਲੇ ਸਾਲ 2023 ਨਰਮੇ ਹੇਠੋਂ ਰਕਬਾ 70 ਹਜ਼ਾਰ ਹੈਕਟੇਅਰ ਤੋਂ ਘੱਟ ਕੇ 28 ਹਜਾਰ ਹੈਕਟੇਅਰ ਹੀ ਰਹਿ ਗਿਆ। ਇਸ ਤਰ੍ਹਾਂ ਕਰੀਬ 42 ਹਜਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਘੱਟ ਬਿਜਾਈ ਹੋਈ । ਜਦੋਂ ਕਿ ਦੂਜੇ ਪਾਸੇ ਝੋਨੇ ਹੇਠ ਰਕਬਾ 1.89 ਲੱਖ ਹੈਕਟੇਅਰ ਤੋਂ ਵੱਧ ਕੇ 2.32 ਲੱਖ ਹੈਕਟੇਅਰ ਤਕ ਪੁੱਜ ਗਿਆ। ਇਸ ਤਰ੍ਹਾਂ ਇਸ ਸਾਲ ਝੋਨੇ ਹੇਠ ਰਕਬਾ ਕਰੀਬ 43 ਹਜ਼ਾਰ ਹੈਕਟੇਅਰ ਵਿਚ ਵੱਧ ਬੀਜਿਆ ਗਿਆ। ਜੇਕਰ ਸਾਲ 2024 ਦੀ ਗੱਲ ਕੀਤੀ ਜਾਵੇ ਤਾਂ ਸਾਲ 2023 ਦੇ ਮੁਕਾਬਲੇ ਨਰਮੇ ਹੇਠ ਰਕਬਾ ਅੱਧਾ ਰਹਿ ਗਿਆ। ਇਸ ਸਾਲ ਕਰੀਬ ਸਾਢੇ ਚੌਦਾ ਹਜ਼ਾਰ ਹੈਕਟੇਅਰ ਰਕਬੇ ਵਿਚ ਹੀ ਨਰਮੇ ਦੀ ਬਜਾਈ ਹੋ ਸਕੀ ਹੈ, ਜਦੋਂ ਕਿ ਝੋਨੇ ਹੇਠ ਰਕਬਾ ਢਾਈ ਲੱਖ ਹੈਕਟੇਅਰ ਤਕ ਪੁੱਜ ਗਿਆ। ਇਸ ਸਾਲ ਝੋਨੇ ਹੇਠ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ। ----- - ਨਰਮੇ ਹੇਠੋਂ ਖਿਸਕ ਕੇ ਝੋਨੇ ਹੇਠ ਕਿਉਂ ਜਾ ਰਿਹਾ ਹੈ ਰਕਬਾ ਕਿਸਾਨਾਂ ਦਾ ਨਰਮੇ ਦੀ ਫ਼ਸਲ ਤੋਂ ਮੋਹ ਭੰਗ ਹੋਣ ਦੇ ਵੀ ਕਈ ਕਾਰਨ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਨ ਨਰਮੇ ਦੀ ਫ਼ਸਲ ਉੰਪਰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣਾ ਅਤੇ ਫ਼ਸਲ ਦਾ ਸਹੀ ਭਾਅ ਨਾਂ ਮਿਲਣਾ ਹੈ। ਖੇਤੀ ਮਾਹਿਰ ਡਾ. ਜਤਿੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਇਕ ਜਾਂ ਦੋ ਸਾਲ ਨਹੀਂ, ਸਗੋਂ ਲਗਾਤਾਰ ਕਈ ਸਾਲਾਂ ਤੋਂ ਨਰਮੇ ਦੀ ਭਰਭੂਰ ਪੈਦਾਵਾਰ ਨਹੀਂ ਹੋਈ, ਨਰਮੇ ਦੀ ਫਸਲ ’ਤੇ ਕਿਸਾਨਾਂ ਦਾ ਲਾਗਤ ਖਰਚ ਵਧ ਗਿਆ, ਪਰ ਭਾਅ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਹੋ ਗਏ। ਸਾਲ 2015 ਵਿਚ ਤਾਂ ਚਿੱਟੀ ਮੱਖੀ ਨੇ ਨਰਮੇ ਦੀ ਸਾਰੀ ਫ਼ਸਲ ਤਬਾਹ ਕਰ ਦਿੱਤੀ ਸੀ। ਪਿਛਲੇ ਸਮਿਆਂ ਦੌਰਾਨ ਬੇਮੌਸਮੇ ਮੀਂਹ ਕਾਰਨ ਨਰਮੇ ਦੀ ਗੁੱਣਵਤਾ ’ਤੇ ਵੱਡਾ ਅਸਰ ਪਿਆ। ਇਹੀ ਕਾਰਨ ਹੈ ਕਿ ਉੱਤਰੀ ਭਾਰਤ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਨਰਮੇ ਹੇਠ ਰਕਬਾ ਘਟ ਰਿਹਾ ਹੈ ਜਿਹੜਾ ਕਿ ਚਿੰਤਾਂ ਦਾ ਵਿਸ਼ਾ ਹੈ। ਸੇਵਾ ਮੁਕਤ ਚੀਫ਼ ਐਗਰੀਕਲਚਰ ਅਫ਼ਸਰ ਡਾ. ਬੀਐਸ ਬਰਾੜ ਦਾ ਕਹਿਣਾ ਸੀ ਕਿ ਪੂਰੇ ਦੇਸ਼ ਅੰਦਰ ਨਰਮੇ ਹੇਠ ਕਰੀਬ 44 ਫ਼ੀਦਸੀ ਰਕਬਾ ਘਟਿਆ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਤੇ ਸਾਊਥ ਇੰਡੀਆ ਵਿਚ ਵੀ ਨਰਮੇ ਹੇਠ ਰਕਬੇ ਵਿਚ ਕਮੀ ਆਈ ਹੈ। ਇਨ੍ਹਾਂ ਸੂਬਿਆਂ ਵਿਚ ਸਰਕਾਰ ਨੇ ਸੋਇਆਬੀਨ ਅਤੇ ਅਹਰਹਰ ’ਤੇ ਚੰਗੀ ਐਮਐਸਪੀ ਦਿੱਤੀ ਹੈ, ਜਿਸ ਕਾਰਨ ਕਿਸਾਨ ਨਰਮੇ ਦੀ ਬਿਜਾਈ ਉਕਤ ਦਾਲਾਂ ਦੀ ਕਾਸ਼ਤ ਕਰਨ ਲੱਗੇ ਹਨ। ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਅੰਦਰ ਨਰਮੇ ਹੇਠ ਰਕਬਾ ਘਟਿਆ ਹੈ, ਪਰ ਪਿਛਲੇ ਸਾਲ ਦੋ ਦਹਾਕਿਆਂ ਬਾਅਦ ਪੰਜਾਬ ਅੰਦਰ ਨਰਮੇ ਹੇਠ ਕਰੀਬ 18 ਫੀਸਦੀ ਰਕਬਾ ਵਧਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਨਰਮੇ ਦਾ ਬੀਜ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਅੰਦਰ ਸਵਾ ਲੱਖ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ। ----- ਪੰਜਾਬ ਅੰਦਰ ਹਰ ਸਾਲ ਘਟ ਰਿਹਾ ਰਕਬਾ ਸਾਲ ਰਕਬਾ ਲੱਖ ਹੈੱਕਟੇਅਰ 1980-81 6.48 1985-86 5.59 1990-91 7.0 1995-96 7.42 1996-97 7.40 1997-98 7.24 1998-99 5.62 1999-2000 4.75 2000-01 4.74 2001-02 6.07 2002-03 4.49 2003-04 4.52 2004-05 5.09 2005-06 5.57 2006-07 6.14 2007-08 6.04 2008-9 5.28 2009-10 5.09 2010-11 4.84 2011-12 5.16 2012-13 4.81 2013-14 4.45 2014-15 4.21 2015-16 3.35 2016-17 2.85 2017-18 2.91 2018-19 2.68 2019-20 2.48 2020-21 3.03 2021-22 2.52 2022-23 2.41 2023:2024 1.69 2024:25 97 ਹਜ਼ਾਰ 2025:2026: 1.05 2026:2027: 1.25 ਲੱਖ ਦਾ ਟੀਚਾ