ਭਾਕਿਯੂ ਡਕੌਂਦਾ ਦੀ ਮੀਟਿੰਗ ’ਚ ਵੱਖ-ਵੱਖ ਮੁੱਦਿਆਂ ’ਤੇ ਚਰਚਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ’ਚ ਪਾਣੀ, ਸਹਿਕਾਰੀ ਬੈਂਕਾਂ ਅਤੇ ਕਿਸਾਨੀ ਮੁੱਦਿਆਂ ’ਤੇ ਚਰਚਾ
Publish Date: Thu, 07 May 2026 06:09 PM (IST)
Updated Date: Thu, 07 May 2026 06:11 PM (IST)
- 15 ਮਈ ਦੇ ਗਵਰਨਰ ਹਾਊਸ ਮੋਰਚੇ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਐਲਾਨ
ਸੰਜੀਵ ਸਿੰਗਲਾ, ਪੰਜਾਬੀ ਜਾਗਰਣ
ਭਾਈ ਰੂਪਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਫੂਲ ਇਕਾਈ ਦੀ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਹਿਕਾਰੀ ਬੈਂਕਾਂ, ਪਾਣੀ ਦੇ ਮੁੱਦੇ ਅਤੇ ਕਿਸਾਨਾਂ ਨਾਲ ਜੁੜੀਆਂ ਹੋਰ ਸੰਵੇਦਨਸ਼ੀਲ ਸਮੱਸਿਆਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਢੋਪਾਲੀ ਨੇ ਕਿਹਾ ਕਿ ਪੰਜਾਬ ਨਾਲ ਪਾਣੀਆਂ ਦੇ ਮਾਮਲੇ ਵਿਚ ਹੋਏ ਗੈਰ-ਸੰਵਿਧਾਨਕ ਅਤੇ ਪੱਖਪਾਤੀ ਸਮਝੌਤੇ ਰੱਦ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਪਾਣੀ ’ਤੇ ਕਾਰਪੋਰੇਟ ਕੰਟਰੋਲ ਦੀਆਂ ਨੀਤੀਆਂ ਨੂੰ ਖਤਮ ਕੀਤਾ ਜਾਵੇ ਅਤੇ ਦਰਿਆਵਾਂ, ਨਹਿਰਾਂ ਤੇ ਡਰੇਨਾਂ ਵਿਚ ਪੈਂਦੇ ਦੂਸ਼ਿਤ ਉਦਯੋਗਿਕ ਅਤੇ ਸੀਵਰੇਜ਼ ਪਾਣੀ ਨੂੰ ਰੋਕਿਆ ਜਾਵੇ।
ਆਗੂਆਂ ਨੇ ਦੂਸ਼ਿਤ ਪਾਣੀ ਦੀ ਸਫ਼ਾਈ ਲਈ ਆਧੁਨਿਕ ਟਰੀਟਮੈਂਟ ਪਲਾਂਟ ਲਗਾਉਣ ਅਤੇ ਉਦਯੋਗਾਂ ਵੱਲੋਂ ਧਰਤੀ ਵਿਚ ਦੂਸ਼ਿਤ ਪਾਣੀ ਸੁੱਟਣ ਨੂੰ ਸਜ਼ਾਯੋਗ ਅਪਰਾਧ ਘੋਸ਼ਿਤ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਸੰਯੁਕਤ ਮੋਰਚਾ ਪੰਜਾਬ ਚੈਪਟਰ ਵੱਲੋਂ 15 ਮਈ ਨੂੰ ਗਵਰਨਰ ਹਾਊਸ ਵੱਲ ਮੋਰਚਾ ਕੀਤਾ ਜਾਵੇਗਾ। ਸਹਿਕਾਰੀ ਬੈਂਕਾਂ ਵੱਲੋਂ ਨਵੇਂ ਹੱਦ ਕਰਜ਼ੇ ਨਾ ਬਣਾਉਣ, ਗੜੇਮਾਰੀ ਦਾ ਮੁਆਵਜ਼ਾ ਨਾ ਦੇਣ ਅਤੇ ਨੈਨੋ ਯੂਰੀਆ ਦੀ ਟੈਗਿੰਗ ਕਾਰਨ ਕਿਸਾਨਾਂ ਵਿਚ ਰੋਸ ਵਧ ਰਿਹਾ ਹੈ। ਮੀਟਿੰਗ ਵਿਚ ਸਰਵਨ ਸਿੰਘ ਭਾਈਰੂਪਾ, ਗਿਆਨੀ ਸੁਖਵਿੰਦਰ ਸਿੰਘ ਭਾਈਰੂਪਾ, ਬਿੱਕਰ ਸਿੰਘ ਘੰਡਾਬੰਨਾ, ਮਨਦੀਪ ਸਿੰਘ ਘੰਡਾਬੰਨਾ, ਸੁਖਪਾਲ ਸਿੰਘ ਪਾਲੀ, ਜਸਵੀਰ ਸਿੰਘ ਮੁਨਸ਼ੀ ਢੋਪਾਲੀ, ਕੁਲਵੰਤ ਸਿੰਘ ਫੂਲੇਵਾਲਾ, ਭੂਮਾ ਸਿੰਘ ਘੰਡਾਬੰਨਾ, ਪੁਸਵਿੰਦਰ ਸਿੰਘ ਆਦਮਪੁਰਾ, ਜਸਵਿੰਦਰ ਸਿੰਘ ਦਿਆਲਪੁਰਾ, ਮੀਤਾ ਸਿੰਘ ਭਾਈਰੂਪਾ, ਚਮਕੌਰ ਸਿੰਘ ਸੇਲਬਰਾਹ, ਜੱਗਾ ਸਿੰਘ ਬੁਰਜ ਗਿੱਲ, ਸਾਧੂ ਸਿੰਘ ਸੰਧੂ ਖੁਰਦ, ਕਿਰਪਾਲ ਸਿੰਘ ਕੋਠੇ ਸੁਖਾਨੰਦ, ਗੁਰਪ੍ਰੀਤ ਸਿੰਘ ਹਰਨਾਮ ਸਿੰਘ ਵਾਲਾ ਅਤੇ ਜੱਸਾ ਸਿੰਘ ਜਲਾਲ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ।