ਡੀਈਓ ਵੱਲੋਂ ਸਰਕਾਰੀ ਹਾਈ ਸਕੂਲ ਦਾ ਅਚਾਨਕ ਦੌਰਾ
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਹਾਈ ਸਕੂਲ ਵਿਚ ਅਚਨਚੇਤ ਵਿਜ਼ਿਟ ਕੀਤਾ
Publish Date: Thu, 07 May 2026 04:45 PM (IST)
Updated Date: Thu, 07 May 2026 04:47 PM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਵੱਲੋਂ ਸਰਕਾਰੀ ਹਾਈ ਸਕੂਲ, ਚੁੱਘੇ ਖੁਰਦ ਅਚਨਚੇਤ ਵਿਜ਼ਿਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਦਾਖ਼ਲਾ ਮੁਹਿੰਮ, ਵਿਭਾਗ ਵੱਲੋਂ ਆਈਆਂ ਗ੍ਰਾਂਟਾਂ, ਦਫ਼ਤਰੀ ਰਿਕਾਰਡ ਅਤੇ ਸਕੂਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਆਦਿ ਦਾ ਜਾਇਜ਼ਾ ਲੈਂਦਿਆਂ ਸਮੁੱਚੇ ਕੰਮਕਾਜ ’ਤੇ ਤਸੱਲੀ ਪ੍ਰਗਟਾਈ। ਇਸ ਦੌਰਾਨ ਸਮੁੱਚੇ ਸਟਾਫ਼ ਨਾਲ ਮੀਟਿੰਗ ਕਰਦਿਆਂ ਮੈਡਮ ਨੇ ਉਨ੍ਹਾਂ ਨਾਲ ਮਿਸ਼ਨ ਸਮਰੱਥ, ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ, ਸਕੂਲ ਦੇ ਨਤੀਜੇ ਆਦਿ ਸਬੰਧੀ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉਚੇਚੇ ਤੌਰ ’ਤੇ ਜਮਾਤਾਂ ਵਿਚ ਪਹੁੰਚ ਕੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਚੰਗੇ ਨੰਬਰ ਲੈਣ ਅਤੇ ਚੰਗੇ ਵਿਦਿਆਰਥੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਹੈੱਡ ਮਿਸਟ੍ਰੈੱਸ ਗੁਰਪ੍ਰੀਤ ਕੌਰ ਅਤੇ ਸਕੂਲ ਸਟਾਫ਼ ਦੁਆਰਾ ਕੀਤੇ ਜਾ ਰਹੇ ਵਿਸ਼ੇਸ਼ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਅੱਗੇ ਤੋਂ ਹੋਰ ਤਨਦੇਹੀ ਅਤੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੈੱਡ ਮਿਸਟ੍ਰੈੱਸ ਗੁਰਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਮੈਡਮ ਨੂੰ ਸਕੂਲ ਦਾ ਸਲਾਨਾ ਮੈਗਜ਼ੀਨ ‘ਅਲਫ਼ਾਜ਼’ ਭੇਟ ਕੀਤੀ ਗਈ। ਇਸ ਮੌਕੇ ਮਹਿੰਦਰ ਪਾਲ ਸਿੰਘ, ਗੁਰਮੀਤ ਸਿੰਘ ਅਤੇ ਅਨੀਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।