- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮੇਂ ਸਿਰ ਪੈਨਸ਼ਨ ਨਾ ਮਿਲਣ ਕਾਰਨ ਲੱਖਾਂ ਪੈਨਸ਼ਨਰ ਪਰੇਸ਼ਾਨ, ਸਰਕਾਰ ਤੋਂ ਤੁਰੰਤ ਭੁਗਤਾਨ ਦੀ ਮੰਗ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਪੰਜਾਬ ਦੇ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਲੱਖਾਂ ਪੈਨਸ਼ਨਰਾਂ ਨੂੰ ਇਸ ਵਾਰ ਸਮੇਂ ਸਿਰ ਪੈਨਸ਼ਨ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਤੌਰ ’ਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ, ਭਾਵੇਂ ਗਜ਼ਟਿਡ ਛੁੱਟੀ ਹੀ ਕਿਉਂ ਨਾ ਹੋਵੇ, ਪੈਨਸ਼ਨਰਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਜਮ੍ਹਾਂ ਹੋਣ ਦਾ ਮੋਬਾਈਲ ਮੈਸੇਜ ਆ ਜਾਂਦਾ ਸੀ, ਪਰ ਇਸ ਵਾਰ 6 ਤਰੀਕ ਤਕ ਵੀ ਪੈਨਸ਼ਨ ਜਮ੍ਹਾਂ ਨਾ ਹੋਣ ਕਾਰਨ ਪੈਨਸ਼ਨਰਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਸੀਨੀਅਰ ਵੈਟਸ ਐਸੋਸੀਏਸ਼ਨ ਦੇ ਨੁਮਾਇੰਦੇ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਤੇ ਸੋਧੇ ਤਨਖਾਹ ਸਕੇਲਾਂ ਅਨੁਸਾਰ ਬਣਦੀ ਮਹੀਨਾਵਾਰ ਕਿਸਤ ਦਾ ਭੁਗਤਾਨ ਨਾ ਹੋਣ ਕਾਰਨ ਪੈਨਸ਼ਨਰ ਲਗਾਤਾਰ ਆਪਣੇ ਸਾਥੀਆਂ ਅਤੇ ਜਥੇਬੰਦੀ ਆਗੂਆਂ ਨਾਲ ਸੰਪਰਕ ਕਰ ਰਹੇ ਹਨ। ਕਈ ਪੈਨਸ਼ਨਰਾਂ ਦੇ ਮਨ ਵਿਚ ਇਹ ਖਦਸ਼ਾ ਪੈਦਾ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ’ਤੇ ਕਰਜ਼ੇ ਦਾ ਬੋਝ ਵੱਧ ਜਾਣ ਕਾਰਨ ਵਿੱਤੀ ਹਾਲਤ ਕਮਜ਼ੋਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਝ ਪੈਨਸ਼ਨਰਾਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 8 ਅਪ੍ਰੈਲ 2026 ਨੂੰ ਪੰਜਾਬ ਦੇ ਵਿੱਤ ਵਿਭਾਗ ਦਾ 18 ਫਰਵਰੀ 2025 ਵਾਲਾ ਨੋਟੀਫਿਕੇਸ਼ਨ ਰੱਦ ਕੀਤੇ ਜਾਣ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਤਕ ਕਈ ਸਰਕਾਰੀ ਕਰਮਚਾਰੀਆਂ ਨੂੰ ਵੀ ਅਪ੍ਰੈਲ ਮਹੀਨੇ ਦੀ ਤਨਖਾਹ ਨਹੀਂ ਮਿਲੀ। ਸੀਨੀਅਰ ਵੈਟਸ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਤੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।