ਪੀਕੇਐੱਸ ਇੰਟਰਨੈਸ਼ਨਲ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ
ਪੀਕੇਐੱਸ ਇੰਟਰਨੈਸ਼ਨਲ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ
Publish Date: Thu, 07 May 2026 04:31 PM (IST)
Updated Date: Thu, 07 May 2026 04:32 PM (IST)

- ਕਰਨਵੀਰ ਹੈੱਡ ਬੁਆਏ ਤੇ ਅਮਨਪ੍ਰੀਤ ਹੈੱਡ ਗਰਲ ਨਿਯੁਕਤ ਗੁਰਨੈਬ ਸਾਜਨ, ਪੰਜਾਬੀ ਜਾਗਰਣ ਬੱਲੂਆਣਾ : ਪੀਕੇਐੱਸ ਇੰਟਰਨੈਸ਼ਨਲ ਸਕੂਲ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਹਿੱਤ ਇਨਵੈਸਟੀਚਰ ਸੈਰੇਮਨੀ (ਤਾਜਪੋਸ਼ੀ ਸਮਾਗਮ) ਬੜੇ ਉਤਸ਼ਾਹ ਅਤੇ ਮਰਿਆਦਾ ਨਾਲ ਕਰਵਾਈ ਗਈ। ਸਮਾਗਮ ਦਾ ਆਗਾਜ਼ ਲੀਡਰਸ਼ਿਪ, ਸੇਵਾ ਅਤੇ ਜ਼ਿੰਮੇਵਾਰੀ ਦੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਹੋਇਆ, ਜਿਸ ਨੇ ਮਾਹੌਲ ਨੂੰ ਸੰਜੀਦਗੀ ਅਤੇ ਜੋਸ਼ ਨਾਲ ਭਰ ਦਿੱਤਾ। ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਾਬਲੀਅਤਾਂ ਅਨੁਸਾਰ ਅਹੁਦੇ ਸੌਂਪੇ ਗਏ। ਦਸਵੀਂ ਜਮਾਤ ਦੇ ਕਰਨਵੀਰ ਸਿੰਘ ਨੂੰ ਹੈੱਡ ਬੁਆਏ ਅਤੇ ਅਮਨਪ੍ਰੀਤ ਕੌਰ ਨੂੰ ਹੈੱਡ ਗਰਲ ਵਜੋਂ ਚੁਣਿਆ ਗਿਆ। ਖੇਡਾਂ ਦੇ ਖੇਤਰ ਵਿਚ ਅਗਵਾਈ ਲਈ ਸੁਖਬੀਰ ਸਿੰਘ ਨੂੰ ਸਪੋਰਟਸ ਕੈਪਟਨ ਬੁਆਏ ਅਤੇ ਪ੍ਰਨੀਤ ਕੌਰ ਨੂੰ ਸਪੋਰਟਸ ਕੈਪਟਨ ਗਰਲ ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਨ੍ਹਾਂ ਚੁਣੇ ਗਏ ਨੁਮਾਇੰਦਿਆਂ ਨੂੰ ਵਿਸ਼ੇਸ਼ ਸੈਸ਼ੇ ਅਤੇ ਬੈਜ ਭੇਟ ਕਰਕੇ ਉਨ੍ਹਾਂ ਦੀਆਂ ਨਵੀਆਂ ਭੂਮਿਕਾਵਾਂ ਦਾ ਰਸਮੀ ਆਗਾਜ਼ ਕੀਤਾ ਗਿਆ। ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਅਨੁਸ਼ਾਸਨ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਕਪਤਾਨਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਤੋਂ ਪ੍ਰਿੰਸਪ੍ਰੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਤੋਂ ਨਿਆਮਤ ਕੌਰ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਤੋਂ ਹਰਜੋਤ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਤੋਂ ਸੁਮਨਪ੍ਰੀਤ ਕੌਰ ਨੂੰ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਹਾਊਸਾਂ ਦੇ ਵਾਈਸ ਕੈਪਟਨ ਅਤੇ ਪ੍ਰੀਫੈਕਟ ਵੀ ਚੁਣੇ ਗਏ। ਆਪਣੇ ਅਹੁਦੇ ਸੰਭਾਲਦਿਆਂ ਸਮੂਹ ਨਿਯੁਕਤ ਵਿਦਿਆਰਥੀਆਂ ਵੱਲੋਂ ਸਕੂਲ ਦੀਆਂ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਅਕਾਦਮਿਕ ਮਰਿਆਦਾਵਾਂ ਨੂੰ ਤਨਦੇਹੀ ਨਾਲ ਬਣਾਈ ਰੱਖਣ ਲਈ ਸਹੁੰ ਚੁੱਕੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਕਾਦਮਿਕ ਡਾਇਰੈਕਟਰ ਇੰਦਰਜੀਤ ਕੌਰ ਨੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਮਨਜੋਤ ਕੌਰ ਨੇ ਸਮੂਹ ਅਹੁਦੇਦਾਰਾਂ ਨੂੰ ਆਪਸੀ ਤਾਲਮੇਲ ਅਤੇ ਟੀਮ ਵਰਕ ਨਾਲ ਕੰਮ ਕਰਨ ਦੀ ਮਹੱਤਤਾ ਸਮਝਾਈ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਉਚਾਰਨ ਨਾਲ ਹੋਈ।