ਅਮਾ ਡਬਲਮ ਫਤਹ ਕਰਨ ਵਾਲੀ ਪਹਿਲੀ ਪੰਜਾਬਣ ਸੁੱਖੀ ਬੱਲ ਦਾ ਸਨਮਾਨ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਪੰਜਾਬ ਦੀ ਬਹਾਦੁਰ ਧੀ ਸੁੱਖੀ ਬੱਲ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ ਇਤਿਹਾਸ ਰਚਦਿਆਂ ਦੁਨੀਆ ਦੀ ਮੁਸ਼ਕਲ ਚੋਟੀ ਅਮਾ ਡਬਲਮ ਨੂੰ ਸਰ ਕਰ ਲਿਆ। ਇਸ ਉਪਲਬਧੀ ਨਾਲ ਉਹ ਪੰਜਾਬ ਦੀ ਪਹਿਲੀ ਅਤੇ ਦੇਸ਼ ਦੀ ਛੇਵੀਂ ਮਹਿਲਾ ਬਣ ਗਈ ਹੈ। ਉਸ ਦੀ ਇਸ ਕਾਮਯਾਬੀ ਨਾਲ ਸਾਰੇ ਪ੍ਰਦੇਸ਼ ਵਿਚ ਮਾਣ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਇਤਿਹਾਸਕ ਸਫਲਤਾ ਦੇ ਮੌਕੇ ‘ਤੇ ਪੰਜਾਬੀ ਐਡਵੈਂਚਰਰਜ਼ ਵੱਲੋਂ ਹੋਟਲ ਸਾਲਵੀਆ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਸੁੱਖੀ ਬੱਲ ਨੂੰ ਸ਼ਾਲ, ਯਾਦਗਾਰੀ ਚਿੰਨ੍ਹ ਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਏਆਈਜੀ ਅਤੇ ਓਲੰਪਿਅਨ ਅਵਨੀਤ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ। ਉਨ੍ਹਾਂ ਨੇ ਸੁੱਖੀ ਬੱਲ ਦੀ ਹਿੰਮਤ, ਸਮਰਪਣ ਅਤੇ ਸੰਘਰਸ਼ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਪੂਰੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਮੌਕੇ ਖਾਸ ਮਹਿਮਾਨ ਵਜੋਂ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਮੰਚ ਹੀ ਹਿੰਮਤੀ ਵਿਅਕਤੀਆਂ ਨਾਲ ਮਿਲਣ ਦਾ ਮੌਕਾ ਪ੍ਰਦਾਨ ਕਰਦੇ ਹਨ। ਪ੍ਰਸਿੱਧ ਪੰਜਾਬੀ ਅਦਾਕਾਰ ਮਲਕੀਤ ਰੌਣੀ ਨੇ ਵੀ ਸੁੱਖੀ ਬੱਲ ਨੂੰ ਵਧਾਈ ਦਿੱਤੀ । ਪਹਾੜ ਚੜ੍ਹਾਈ ਕਰਨ ਵਾਲੀ ਡਾ. ਰਜਨੀ ਜਿੰਦਲ ਨੇ ਕਿਹਾ ਕਿ ਉਹ ਸੁੱਖੀ ਬੱਲ ਤੋਂ ਪ੍ਰੇਰਿਤ ਹੋਈ ਹੈ ਅਤੇ ਭਵਿੱਖ ਵਿਚ ਖੁਦ ਵੀ ਅਮਾ ਡਬਲਮ ਸਰ ਕਰਨ ਦਾ ਲਕਸ਼ ਰੱਖਦੀ ਹੈ। ਇਸ ਦੌਰਾਨ ਸੁੱਖੀ ਬੱਲ ਨੇ ਕਿਹਾ ਕਿ ਅਮਾ ਡਬਲਮ ਦੀ ਚੜ੍ਹਾਈ ਉਸ ਲਈ ਬਹੁਤ ਚੁਣੌਤੀਪੂਰਨ ਪਰ ਯਾਦਗਾਰ ਅਨੁਭਵ ਸੀ। ਉਨ੍ਹਾਂ ਦੱਸਿਆ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਉਸ ਦੇ ਹੌਸਲੇ ਅਤੇ ਦ੍ਰਿੜ ਨਿਸ਼ਚੇ ਨੇ ਉਸ ਨੂੰ ਕਾਮਯਾਬੀ ਤਕ ਪਹੁੰਚਾਇਆ। ਭਾਵੁਕ ਪਲਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਚੋਟੀ ‘ਤੇ ਪਹੁੰਚ ਕੇ ਉਨ੍ਹਾਂ ਆਪਣੇ ਮਰਹੂਮ ਪਿਤਾ ਨੂੰ ਯਾਦ ਕੀਤਾ ਅਤੇ ਕਿਹਾ, “ਦੇਖੋ ਪਾਪਾ, ਅੱਜ ਮੈਂ ਤੁਹਾਨੂੰ ਕਿੱਥੇ ਲੈ ਆਈ ਹਾਂ। ਸਮਾਰੋਹ ਦੇ ਅੰਤ ਵਿਚ ਕਲੱਬ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਸੁੱਖੀ ਬੱਲ ਵਰਗੀਆਂ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨਾ ਸਮਾਜ ਦੀ ਜ਼ਿੰਮੇਵਾਰੀ ਹੈ, ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਰਹਿਣ। ਮੰਚ ਸੰਚਾਲਨ ਮਨਦੀਪ ਮਸੌਣ ਨੇ ਕੀਤਾ, ਜਦਕਿ ਪ੍ਰਸਿੱਧ ਭੰਗੜਾ ਕੋਚ ਅਮਰਿੰਦਰ ਸੰਧੂ ਅਤੇ ਸੁੱਖੀ ਬੱਲ ਵੱਲੋਂ ਰੰਗਾਰੰਗ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਸੈਂਟ ਪਾਲ ਸਕੂਲ ਦੀ ਐਮਡੀ ਰਜਨੀ ਲਾਰੈਂਸ, ਪ੍ਰਿੰਸਿਪਲ ਦੀਪਿਕਾ ਅਰੋੜਾ, ਦੂਨ ਪਬਲਿਕ ਸਕੂਲ ਦੀ ਐਮਡੀ ਚਰਨਜੀਤ ਕੌਰ ਢਿੱਲੋਂ, ਜਸਪਾਲ ਮਾਂਖੇੜਾ, ਬਲਕਾਰ ਸਿੰਘ ਸਰਪੰਚ, ਸੁਖਪ੍ਰੀਤ ਸਿੰਘ ਸਰਪੰਚ, ਬਲਵਿੰਦਰ ਸਿੰਘ ਮਠਾੜੂ, ਗੁਰਵਿੰਦਰ ਕੌਰ ਕੈਨੇਡਾ, ਗੁਰਉਪਦੇਸ਼, ਅਮਨ ਔਲਖ ਮਾਨਸਾ, ਸਰਵਜੀਤ ਕੌਰ ਫਿਰੋਜ਼ਪੁਰ, ਸ਼ਬੀਨਾ ਬਰਾਰ, ਪਰੀ ਸਿੰਗਲਾ, ਸੁਨੀਤਾ ਕੋਤਵਾਲ, ਨਿਵੇਤਾ ਢੇਸੀ ਸਮੇਤ ਵੱਡੀ ਗਿਣਤੀ ਵਿਚ ਰਾਈਡਰ ਹਾਜ਼ਰ ਸਨ।