ਕਾਂਗਰਸੀ ਐੱਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਜੀਤਮਹਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ
ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜੀਤਮਹਿੰਦਰ
Publish Date: Wed, 06 May 2026 07:13 PM (IST)
Updated Date: Thu, 07 May 2026 04:12 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਆਗੂਆਂ ’ਚ ਸ਼ੁਮਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਚੁੱਕੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਰਿਹਾਇਸ਼ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਟੀਮ ਸਿੱਧੂ ਵੱਲੋਂ ਦੱਸਿਆ ਗਿਆ ਕਿ ਗੁਰਜੀਤ ਸਿੰਘ ਔਜਲਾ ਨੇ ਜੀਤਮਹਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਦੌਰਾਨ ਜਿੱਥੇ ਸਮੁੱਚੇ ਖਿੱਤੇ ’ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸੰਭਾਵੀ ਯੋਜਨਾਵਾਂ ਸਬੰਧੀ ਵਿਚਾਰ ਚਰਚਾ ਕੀਤੀ, ਉੇੱਥੇ ਇਲਾਕੇ ਨਾਲ ਸਬੰਧਿਤ ਕਈ ਹੋਰ ਅਹਿਮ ਮਸਲਿਆਂ ਸਬੰਧੀ ਵੀ ਵਿਚਾਰਾਂ ਹੋਈਆਂ।ਸਿੱਧੂ ਨੇ ਇਸ ਮੌਕੇ ਅਗਾਮੀ ਨਗਰ ਨਿਗਮ/ਨਗਰ ਕੌਂਸਲ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ’ਚ ਯਕੀਨ ਰੱਖਦੇ ਹਨ ਤੇ ਉਹ ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣਗੇ। ਉਨ੍ਹਾਂ ਮੁਤਾਬਿਕ ਉਕਤ ਚੋਣਾਂ ਲਈ ਕਾਂਗਰਸ ਪਾਰਟੀ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ ਤੇ ਪਾਰਟੀ ਦਾ ਇਕ ਇਕ ਆਗੂ ਤੇ ਵਰਕਰ ਚੋਣਾਂ ’ਚ ਪਾਰਟੀ ਦੀ ਜਿੱਤ ਲਈ ਹੁਣੇ ਤੋਂ ਮਿਹਨਤ ਕਰ ਰਿਹੈ, ਜਿਸਦੇ ਨਤੀਜੇ ਵਜੋਂ ਸ਼ਾਨਦਾਰ ਨਿਕਲਣਗੇ।ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਿੱਧੂ ਪਰਿਵਾਰ ਨਾਲ ਉਨ੍ਹਾਂ ਦੇ ਪਿਛਲੇ ਕਾਫੀ ਸਮੇਂ ਤੋਂ ਬਹੁਤ ਨਜ਼ਦੀਕੀ ਸਬੰਧ ਹਨ ਕਿਉਂਕਿ ਉਹ ਉਕਤ ਖਿੱਤੇ ਦੀ ਰਾਜਨੀਤੀ ’ਚ ਇੱਕ ਵਿਸ਼ੇਸ ਮੁਕਾਮ ਰੱਖਦੇ ਹਨ ਇਸ ਲਈ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਕੇ ਕੁਝ ਸਿਆਸੀ ਅਤੇ ਸਮਾਜਿਕ ਮਸਲਿਆਂ ’ਤੇ ਚਰਚਾ ਕੀਤੀ ਹੈ।ਔਜਲਾ ਨੇ ਇਸ ਮੌਕੇ ਦਾਅਵਾ ਕੀਤਾ ਕਿ ਕੇਰਲਾ ਤੋਂ ਬਾਅਦ ਹੁਣ ਕਾਂਗਰਸ ਪਾਰਟੀ 2027 ’ਚ ਪੰਜਾਬ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਰਕਾਰ ਬਣਾਵੇਗੀ।