ਰਾਜ ਸਭਾ ਮੈਂਬਰਾਂ ਨੂੰ ਲਿਖਿਆ ਪੰਜਾਬ ਦੇ ਗਦਾਰ, ਸ਼ਹਿਰ ’ਚ ਹੋ ਰਹੀ ਚਰਚਾ
ਰਾਜ ਸਭਾ ਮੈਂਬਰਾਂ ਨੂੰ ਲਿਖਿਆ ਪੰਜਾਬ ਦੇ ਗਦਾਰ, ਸ਼ਹਿਰ ਅੰਦਰ ਲਗਾਏ ਹੋਰਡਿੰਗ ਚਰਚਾ ਦਾ ਵਿਸ਼ਾ ਬਣੇ
Publish Date: Wed, 06 May 2026 06:57 PM (IST)
Updated Date: Thu, 07 May 2026 04:11 AM (IST)

47-48) ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਆਪ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਗਦਾਰ ਕਿਹਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿਚ ਕਈ ਕਿਸਮ ਦੀ ਚਰਚਾ ਛਿੜੀ ਹੋਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇਸ਼ ਪੁਰੀ ਵੱਲੋਂ ਬਠਿੰਡਾ ਸ਼ਹਿਰ ਵਿੱਚ ਸੱਤ ਰਾਜ ਸਭਾ ਮੈਂਬਰਾਂ ਦੀਆਂ ਤਸਵੀਰਾਂ ਲਾ ਕੇ ਪੰਜਾਬ ਦੇ ਗਦਾਰ ਲਿਖ ਕੇ ਹੋਰਡਿੰਗ ਲਗਾਏ ਗਏ ਹਨ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਰਾਜ ਸਭਾ ਮੈਂਬਰਾਂ ਦੀ ਨਿਯੁਕਤੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕੋਟੇ ਵਿੱਚੋਂ ਕੀਤੀ ਸੀ, ਪਰ ਸੰਤ ਸੀਚੇਵਾਲ ਨੂੰ ਛੱਡ ਕੇ ਕਿਸੇ ਵੀ ਪੰਜਾਬ ਹਿਤਾਇਸ਼ੀ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਛੋਟੇ ਵਰਕਰਾਂ ਤੋਂ ਇਲਾਵਾ ਵੱਡੇ ਅਹੁਦੇਦਾਰਾਂ ਤਕ ਵੱਲੋਂ ਰਾਜ ਸਭਾ ਮੈਂਬਰਾਂ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਨੂੰ ਪੰਜਾਬ ਦੇ ਗਦਾਰ ਲਿਖਿਆ ਜਾ ਰਿਹਾ ਹੈ ਅਤੇ ਇਹ ਪੋਸਟਾਂ ਸੋਸ਼ਲ ਮੀਡੀਆ ਦਾ ਵੀ ਸ਼ਿੰਗਾਰ ਬਣੀਆਂ ਹੋਈਆਂ ਹਨ। ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇਸ਼ ਪੁਰੀ ਵੱਲੋਂ ਬਠਿੰਡਾ ਸ਼ਹਿਰ ਅੰਦਰ ਇਸ ਤਰ੍ਹਾਂ ਦੇ ਕਈ ਵੱਡੇ ਹੋਰਡਿੰਗ ਲਾਏ ਗਏ ਹਨ। ਇਸ ਸਿਆਸੀ ਘਟਨਾ ਨੇ ਨਾ ਸਿਰਫ਼ ਪਾਰਟੀਆਂ ਵਿਚਕਾਰ ਤਕਰਾਰ ਵਧਾਈ ਹੈ, ਸਗੋਂ ਜਨਤਾ ਵਿੱਚ ਵੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਪਾਰਟੀ ਦੇ ਕਈ ਸਥਾਨਕ ਅਤੇ ਸੂਬਾ ਪੱਧਰੀ ਆਗੂਆਂ ਵੱਲੋਂ ਉਨ੍ਹਾਂ ਸੱਤ ਰਾਜ ਸਭਾ ਮੈਂਬਰਾਂ ਦੀਆਂ ਤਸਵੀਰਾਂ ਜਨਤਕ ਸਥਾਨਾਂ ‘ਤੇ ਲਗਾਈਆਂ ਗਈਆਂ ਹਨ, ਜਿਨ੍ਹਾਂ ‘ਤੇ “ਪੰਜਾਬ ਦੇ ਗਦਾਰ” ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਸਿਆਸੀ ਮਾਹਿਰ ਇਹ ਵੀ ਮੰਨਦੇ ਹਨ ਕਿ ਪਾਰਟੀ ਬਦਲਣਾ ਭਾਰਤੀ ਰਾਜਨੀਤੀ ਵਿੱਚ ਕੋਈ ਨਵੀਂ ਗੱਲ ਨਹੀਂ ਹੈ, ਪਰ ਇਕੋ ਸਮੇਂ ਵਿੱਚ ਇਨ੍ਹੀ ਵੱਡੀ ਗਿਣਤੀ ਵਿੱਚ ਰਾਜ ਸਭਾ ਮੈਂਬਰਾਂ ਦਾ ਪਾਰਟੀ ਛੱਡਣਾ ਜ਼ਰੂਰ ਇਕ ਵੱਡਾ ਸਿਆਸੀ ਸੰਕੇਤ ਹੈ। ਇਹ ਘਟਨਾ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਥਿਤੀ, ਲੀਡਰਸ਼ਿਪ ਅਤੇ ਨੀਤੀਆਂ ‘ਤੇ ਵੀ ਸਵਾਲ ਖੜੇ ਕਰ ਰਹੀ ਹੈ। ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਰਾਕੇਸ਼ ਪੁਰੀ ਦਾ ਕਹਿਣਾ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪੰਜਾਬ ਦੇ ਹਿੱਤਾ ਹੱਕਾਂ ਲਈ ਰਾਜ ਸਭਾ ਵਿਚ ਭੇਜਿਆ ਗਿਆ ਸੀ, ਪਰ ਉਨ੍ਹਾਂ ਪੰਜਾਬ ਲਈ ਕੁੱਝ ਨਹੀਂ ਕੀਤਾ, ਸਗੋਂ ਪੰਜਾਬ ਨਾਲ ਧੋਖਾ ਕਰ ਕੇ ਨਿੱਜੀ ਹਿੱਤਾਂ ਲਈ ਭਾਜਪਾ ਵਿਚ ਸ਼ਾਮਲ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਗਦਾਰ ਲਿਖ ਕੇ ਹੋਰਡਿੰਗ ਲਾਏ ਗਏ ਹਨ।