ਡੀਈਓ ਵੱਲੋਂ ਹਾਈ ਸਕੂਲ ’ਚ ਅਚਾਨਕ ਦੌਰਾ
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਹਾਈ ਸਕੂਲ ਵਿਚ ਅਚਨਚੇਤ ਵਿਜ਼ਿਟ ਕੀਤਾ
Publish Date: Wed, 06 May 2026 05:33 PM (IST)
Updated Date: Thu, 07 May 2026 04:06 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ ; ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਵੱਲੋਂ ਸਰਕਾਰੀ ਹਾਈ ਸਕੂਲ, ਚੁੱਘੇ ਖੁਰਦ ਅਚਨਚੇਤ ਵਿਜ਼ਿਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਦਾਖ਼ਲਾ ਮੁਹਿੰਮ, ਵਿਭਾਗ ਵੱਲੋਂ ਆਈਆਂ ਗ੍ਰਾਂਟਾਂ, ਦਫ਼ਤਰੀ ਰਿਕਾਰਡ ਤੇ ਸਕੂਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਆਦਿ ਦਾ ਜਾਇਜ਼ਾ ਲੈਂਦਿਆਂ ਸਮੁੱਚੇ ਕੰਮ-ਕਾਜ ’ਤੇ ਤਸੱਲੀ ਪ੍ਰਗਟਾਈ। ਸਮੁੱਚੇ ਸਟਾਫ਼ ਨਾਲ ਮੀਟਿੰਗ ਕਰਦਿਆਂ ਮੈਡਮ ਨੇ ਉਨ੍ਹਾਂ ਨਾਲ ਮਿਸ਼ਨ ਸਮਰੱਥ, ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ, ਸਕੂਲ ਦੇ ਨਤੀਜੇ ਆਦਿ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਨਾਲ-ਨਾਲ ਦਾਖ਼ਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਉਚੇਚੇ ਤੌਰ ’ਤੇ ਜਮਾਤਾਂ ’ਚ ਪਹੁੰਚ ਕੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੂੰ ਭਵਿੱਖ ’ਚ ਚੰਗੇ ਅੰਕ ਲੈਣ ਤੇ ਚੰਗੇ ਵਿਦਿਆਰਥੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਹੈੱਡ ਮਿਸਟ੍ਰੈਸ ਗੁਰਪ੍ਰੀਤ ਕੌਰ ਤੇ ਸਕੂਲ ਸਟਾਫ਼ ਦੁਆਰਾ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਤੇ ਅੱਗੇ ਤੋਂ ਹੋਰ ਤਨਦੇਹੀ ਤੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ’ਚ ਹੈੱਡ ਮਿਸਟ੍ਰੈਸ ਮੈਡਮ ਗੁਰਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਦਾ ਧੰਨਵਾਦ ਕੀਤਾ ਗਿਆ। ਅੰਤ ’ਚ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਮੈਡਮ ਨੂੰ ਸਕੂਲ ਦਾ ਸਲਾਨਾ ਮੈਗਜ਼ੀਨ “ਅਲਫ਼ਾਜ਼” ਭੇਟ ਕੀਤੀ ਗਈ। ਇਸ ਮੌਕੇ ਮਹਿੰਦਰ ਪਾਲ ਸਿੰਘ, ਗੁਰਮੀਤ ਸਿੰਘ ਤੇ ਅਨੀਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।