ਫਤਿਹ ਗਰੁੱਪ ਦੇ ਵਿਦਿਆਰਥੀਆਂ ਨੇ ਐਡਵੈਂਚਰ ਕੈਂਪ ’ਚ ਲਹਿਰਾਇਆ ਝੰਡਾ
ਫਤਿਹ ਗਰੁੱਪ ਦੇ ਵਿਦਿਆਰਥੀਆਂ ਨੇ ਐਡਵੈਂਚਰ ਕੈਂਪ ਵਿਚ ਲਹਿਰਾਇਆ ਕਾਮਯਾਬੀ ਦਾ ਝੰਡਾ
Publish Date: Wed, 06 May 2026 05:13 PM (IST)
Updated Date: Thu, 07 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਯੂਥ ਸਰਵਿਸਿਜ਼ ਵਿਭਾਗ ਪੰਜਾਬ ਵੱਲੋਂ ਹੁਸ਼ਿਆਰਪੁਰ ਦੇ ਨਾਰਾ ਡੈਮ ਵਿਖੇ ਲਗਾਏ ਸੂਬਾ ਪੱਧਰੀ ਐਡਵੈਂਚਰ/ਹਾਇਕਿੰਗ ਟ੍ਰੈਕਿੰਗ ਕੈਂਪ ਵਿਚ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਕਰਦੇ ਹੋਏ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕੀਤਾ। ਕੈਂਪ ਦੌਰਾਨ ਵਿਦਿਆਰਥੀਆਂ ਨੇ ਟ੍ਰੈਕਿੰਗ, ਟੀਮ ਵਰਕ ਅਤੇ ਲੀਡਰਸ਼ਿਪ ਨਾਲ ਸਬੰਧਿਤ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਐਸਐਸ ਚੱਠਾ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਪ੍ਰਯੋਗਾਤਮਕ ਪੱਖ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿਚ ਫ਼ੈਸਲਾ ਕਰਨ ਦੀ ਸਮਰੱਥਾ ਅਤੇ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਤਿਹ ਗਰੁੱਪ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਐਮਡੀ ਮਨਜੀਤ ਕੌਰ ਚੱਠਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਹਿੰਮਤ, ਸਹਿਯੋਗ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਗੁਣਾਂ ਨੂੰ ਉਭਾਰਦੀਆਂ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਬਹੁਤ ਲਾਭਦਾਇਕ ਸਾਬਤ ਹੁੰਦੀਆਂ ਹਨ। ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਨੇ ਕਿਹਾ ਕਿ ਕਲਾਸਰੂਮ ਸਿੱਖਿਆ ਦੇ ਨਾਲ-ਨਾਲ ਅਜਿਹੇ ਪ੍ਰਯੋਗਾਤਮਕ ਤਜ਼ਰਬੇ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ।
ਪ੍ਰਿੰਸੀਪਲ ਬਘੈਲ ਸਿੰਘ ਨੇ ਕਿਹਾ ਕਿ ਕੈਂਪ ਵਿਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਟੀਮ ਸਪਿਰਟ ਨੂੰ ਹੋਰ ਮਜ਼ਬੂਤੀ ਮਿਲੀ ਹੈ, ਜੋ ਉਨ੍ਹਾਂ ਦੀ ਸਫਲਤਾ ਲਈ ਬੁਨਿਆਦੀ ਤੱਤ ਹਨ। ਐਨਐਸਐਸ ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕੈਂਪ ਦੌਰਾਨ ਹਰ ਗਤੀਵਿਧੀ ਵਿੱਚ ਪੂਰੇ ਜ਼ਜ਼ਬੇ ਅਤੇ ਜ਼ਿੰਮੇਵਾਰੀ ਨਾਲ ਭਾਗ ਲਿਆ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਪ੍ਰੋਗਰਾਮ ਅਫਸਰ ਪ੍ਰੋ. ਸੋਨਵਿੰਦਰ ਸਿੰਘ, ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਮਨਦੀਪ ਕੌਰ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਵਿਚ ਕੁਦਰਤ ਪ੍ਰਤੀ ਰੁਝਾਨ ਅਤੇ ਸਹਿਨਸ਼ੀਲਤਾ ਨੂੰ ਵਧਾਉਂਦੇ ਹਨ। ਕੈਂਪ ਦੀ ਸਫਲ ਸੰਪੰਨਤਾ ਉਪਰੰਤ ਸੰਸਥਾ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਅਤੇ ਵਿਦਿਆਰਥੀਆਂ ਦੀ ਇਸ ਉਪਲਬਧੀ ‘ਤੇ ਸਟਾਫ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।