
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ 9 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿਖੇ ਵਿਸ਼ਾਲ ਰੋਸ ਮਾਰਚ ਦਾ ਐਲਾਨ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਪੰਜਾਬ-1967 ਵੱਲੋਂ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਇਕ ਅਹਿਮ ਨੋਟਿਸ ਜਾਰੀ ਕੀਤਾ ਗਿਆ ਹੈ। ਯੂਨੀਅਨ ਨੇ ਸਰਕਾਰ ਦੇ ਨਕਾਰਾਤਮਕ ਰਵੱਈਏ ਅਤੇ ਲੰਬਿਤ ਪਈਆਂ ਮੰਗਾਂ ਦੇ ਵਿਰੋਧ ਵਿਚ 9 ਮਈ 2026 ਨੂੰ ਮੁੱਖ ਮੰਤਰੀ ਦੇ ਚੋਣ ਖੇਤਰ ਧੂਰੀ ਵਿਖੇ ਭਾਰੀ ਰੋਸ ਮੁਜ਼ਾਹਰਾ ਤੇ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਦੇ ਚੱਲ ਰਹੇ ਇਨ੍ਹਾਂ ਏਡਿਡ ਸਕੂਲਾਂ ਨੂੰ ਸਾਲ 1967 ਵਿਚ ਦਿੱਲੀ ਪੈਟਰਨ 'ਤੇ ਗ੍ਰਾਂਟ-ਇਨ-ਏਡ ਸਕੀਮ ਅਧੀਨ ਲਿਆਂਦਾ ਗਿਆ ਸੀ। ‘ਆਪ’ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਏਡਿਡ ਸਟਾਫ ਨੂੰ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਅੱਜ ਸਥਿਤੀ ਇਹ ਹੈ ਕਿ ਕਈ ਜ਼ਿਲ੍ਹਿਆਂ ਵਿਚ ਪਿਛਲੇ 11 ਮਹੀਨਿਆਂ ਤੋਂ ਤਨਖਾਹ ਦੀ ਗ੍ਰਾਂਟ ਜਾਰੀ ਨਹੀਂ ਹੋਈ। ਪੂਰੇ ਪੰਜਾਬ ਵਿਚ ਜਨਵਰੀ ਤੋਂ ਮਾਰਚ 2026 ਤਕ ਦੀ ਗ੍ਰਾਂਟ ਪੈਂਡਿੰਗ ਪਈ ਹੈ, ਜਿਸ ਕਾਰਨ ਕਰਮਚਾਰੀਆਂ ਦੇ ਘਰਾਂ ਵਿਚ ਚੁੱਲ੍ਹੇ ਬਲਣੇ ਵੀ ਮੁਸ਼ਕਿਲ ਹੋ ਗਏ ਹਨ। ਯੂਨੀਅਨ ਦੇ ਆਗੂਆਂ ਕਨਵੀਨਰ ਗੁਰਮੀਤ ਸਿੰਘ ਮਦਨੀਪੁਰ, ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਐਬਿਟ ਮਸੀਹ (ਜਲੰਧਰ), ਅਸ਼ੋਕ ਵਡੇਰਾ (ਫ਼ਿਰੋਜ਼ਪੁਰ) ਅਤੇ ਹਰਦੀਪ ਸਿੰਘ ਢੀਂਡਸਾ (ਰੋਪੜ) ਨੇ ਕਿਹਾ ਕਿ ਜੇਕਰ 9 ਮਈ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਦੀਆਂ ਗ੍ਰਾਂਟਾਂ ਜਾਰੀ ਨਾ ਕੀਤੀਆਂ ਤੇ ਕੋਈ ਸਾਰਥਕ ਹੱਲ ਨਾ ਕੱਢਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਮਹਿਲਾ ਸਟਾਫ ਅਤੇ ਸੇਵਾ ਮੁਕਤ ਕਰਮਚਾਰੀ ਧੂਰੀ ਦੀਆਂ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਸੰਘਰਸ਼ ਤੋਂ ਨਿਕਲਣ ਵਾਲੇ ਕਿਸੇ ਵੀ ਸਿੱਟੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।