ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜਣਗੇ
ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਤਹਿਤ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣਗੇ
Publish Date: Wed, 06 May 2026 05:07 PM (IST)
Updated Date: Thu, 07 May 2026 04:06 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਪਾਸ ਹੋਣ ਤੋਂ ਬਾਅਦ ਸੰਗਤ ਦਾ ਧੰਨਵਾਦ ਕਰਨ ਲਈ ਇਹ ਵਿਸ਼ੇਸ਼ ਯਾਤਰਾ ਕੱਢੀ ਜਾ ਰਹੀ ਹੈ। ਯਾਤਰਾ ਦੀ ਸ਼ੁਰੂਆਤ 6 ਮਈ ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਤੋਂ ਕੀਤੀ ਗਈ ਸੀ, ਜਿੱਥੇ ਅਰਦਾਸ ਕਰਨ ਤੋਂ ਬਾਅਦ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। 7 ਮਈ ਨੂੰ ਮੁੱਖ ਮੰਤਰੀ ਸਵੇਰੇ 9 ਵਜੇ ਹਲਕਾ ਬਠਿੰਡਾ ਸ਼ਹਿਰੀ ਪੁਜਣਗੇ ਜਦੋਕਿ 9:45 ਵਜੇ ਹਲਕਾ ਬਠਿੰਡਾ ਦਿਹਾਤੀ ਵਿਚ ਸੰਗਤਾਂ ਦੇ ਰੂ-ਬ-ਰੂ ਹੋਣਗੇ। ਮੁੱਖ ਮੰਤਰੀ ਦਾ ਕਾਫ਼ਲਾ ਇਸ ਤੋਂ ਬਾਅਦ 10:35 ’ਤੇ ਤਲਵੰਡੀ ਸਾਬੋ ਪਹੁੰਚੇਗਾ, ਜਿੱਥੇ ਉਹ ਸਿੱਖ ਧਰਮ ਦੇ ਪਵਿੱਤਰ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨਗੇ। ਇਸ ਤੋਂ ਬਾਅਦ ਉਹ 11:35 ਵਜੇ ਹਲਕਾ ਸਰਦੂਲਗੜ੍ਹ ਵਿਖੇ ਪੁਜਣਗੇ ਜਦੋਕਿ ਦੁਪਿਹਰ 12:30 ਵਜੇ ਹਲਕਾ ਮਾਨਸਾ ਵਿਚ ਪਹੁੰਚਣਗੇ। ‘ਆਪ’ ਦੇ ਆਗੂ ਰਾਜੂ ਢੱਡੇ ਨੇ ਦੱਸਿਆ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਯਾਤਰਾ ਦੇ ਅਗਲੇ ਪੜਾਅ ਵਿਚ 8 ਮਈ ਨੂੰ ਮੁੱਖ ਮੰਤਰੀ ਮਸਤੂਆਣਾ ਸਾਹਿਬ ਪਹੁੰਚਣਗੇ ਅਤੇ ਉਥੋਂ ਪਟਿਆਲਾ ਜਾਣਗੇ। ਪਟਿਆਲਾ ਵਿਚ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਵਿਖੇ 8 ਅਤੇ 9 ਮਈ ਨੂੰ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ, ਜਿੱਥੇ ਮੁੱਖ ਮੰਤਰੀ ਸੰਗਤ ਨੂੰ ਮਿਲਣਗੇ। ਇਸ ਚਾਰ ਦਿਨਾਂ ਯਾਤਰਾ ਦਾ ਸਮਾਪਨ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿਚ ਆਖਰੀ ਅਰਦਾਸ ਨਾਲ ਕੀਤਾ ਜਾਵੇਗਾ।