ਗੁਰੂ ਕਾਸ਼ੀ ਯੂਨੀਵਰਸਿਟੀ ਨੇ ਏਆਈ ਬਾਰੇ ਕਰਵਾਈ ਵਰਕਸ਼ਾਪ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਰੋਬੋਟਿਕਸ ਅਤੇ ਏਆਈ ਬਾਰੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ
Publish Date: Wed, 06 May 2026 05:01 PM (IST)
Updated Date: Thu, 07 May 2026 04:06 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕੰਪਿਊਟਿੰਗ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਤੇ ਰੋਬੋਟਿਕਸ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵੱਲੋਂ ਇਨਫੋਟੈਕ “ਐਨ” ਟੈਨਮੈਂਟ ਇੰਕ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਗਈ। ਡਾ. ਸੁਨੀਲ (ਸੀਈਓ) ਇਨਫੋਟੈਕ ਐਨ ਟੇਨਮੈਂਟ ਇੰਕ ਇੰਜ. ਪ੍ਰਥਮ ਮੁੱਖੀ ਤਕਨਾਨੋਲਜੀ ਵਿਭਾਗ ਇਨਫੋਟੈਕ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜਿਸ ਵਿਚ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਗਈ ਰੋਬੋਟਿਕਸ ਦੇ ਮੁਕਾਬਲਿਆਂ ਵਿਚ 15 ਟੀਮਾਂ ਨੇ ਹਿੱਸਾ ਲਿਆ। ਸਮੇਂ ਦੇ ਹਾਣ ਦੀ ਇਸ ਵਰਕਸ਼ਾਪ ਦੇ ਆਯੋਜਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਨਾਲ ਜੋੜਣ, ਕੰਪਿਊਟਰ ਲਈ ਅਤੇ ਰੋਬੋਟਿਕਸ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਕਾਢਾਂ ਅਤੇ ਬਦਲਾਵਾਂ ਬਾਰੇ ਜਾਣੂ ਕਰਵਾਉਣਾ ਵਿਚ ਵਰਕਸ਼ਾਪ ਅਹਿਮ ਭੂਮਿਕਾ ਨਿਭਾਏਗੀ। ਵਰਕਸ਼ਾਪ ਵਿਚ ਦਿੱਤੀ ਟ੍ਰੇਨਿਗ ਤੇ ਹਾਸਲ ਕੀਤੇ ਗਿਆਨ ਸਦਕਾ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਹੋਣਗੀਆਂ ਅਤੇ ਉਨ੍ਹਾਂ ਵੱਲੋਂ ਸਵੈ-ਉਦਯੋਗ ਸਥਾਪਿਤ ਕਰਨ ਵੱਲ ਤੁਰ ਕੇ ਰੋਜ਼ਗਾਰ ਤਲਾਸ਼ਣ ਦੀ ਬਜਾਏ ਰੁਜ਼ਗਾਰ ਦਾਤਾ ਬਣਨ ਦੀ ਰਾਹ ਖੁਲ੍ਹੇਗੀ। ਵਰਕਸ਼ਾਪ ਵਿਚ ਮਾਹਰ ਟ੍ਰੇਨਰ ਇੰਜ. ਰੂਪਲ ਪਟੇਲ ਨੇ ਰੋਬੋਟਿਕਸ ਦੇ ਬੁਨਿਆਦੀ ਸਿਧਾਤਾਂ, ਅਰਡੂਇਨੋ ਪ੍ਰੋਗਰਾਮਿੰਗ ਅਤੇ ਰੀਅਲ-ਟਾਈਮ ਪ੍ਰੋਜੈਕਟ ਵਿਕਾਸ ਤੇ ਜਾਣਕਾਰੀ ਭਰਪੂਰ ਸੈਸ਼ਨ ਚਲਾਏ। ਕੰਪਿਊਟਰ ਐਪਲੀਕੇਸ਼ਨ ਦੇ ਡੀਨ, ਡਾ. ਵਿਜੈ ਲਕਸ਼ਮੀ ਨੇ ਮੁੱਖ ਪ੍ਰਬੰਧਕਾਂ ਵੱਲੋਂ ਵਰਕਸ਼ਾਪ ਵਿਚ ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਕਿ 15 ਟੀਮਾਂ ਮੁਕਾਬਲਿਆਂ ਵਿਚ ਟੀਮ ਸਾਈਬਰ ਕ੍ਰਿਏਟਰਜ਼ ਨੇ ਪਹਿਲਾ, ਟੀਮ ਰੋਬੋ ਟਾਇਟਨਸ ਨੇ ਦੂਜਾ, ਟੀਮ ਚਿੱਪ ਚੈਂਪੀਅਨਜ਼ ਨੇ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਟੀਮ ਸੈਂਸਰ ਸਕੁਐਂਡ ਅਤੇ ਟੀਮ ਇਨੋਵੇਟਰਜ਼ ਨੂੰ ਸੰਯੁਕਤ ਰੂਪ ਵਿਚ ਚੌਥੇ ਸਥਾਨ ਲਈ ਚੁਣਿਆ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ, ਜੇਤੂਆਂ ਨੂੰ ਮੈਂਡਲ, ਸਰਟੀਫਿਕੇਟ ਤੇ ਭਾਗੀਦਾਰਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।