ਕਾਰ ਨੂੰ ਲੱਗੀ ਅੱਗ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ
Publish Date: Wed, 06 May 2026 04:46 PM (IST)
Updated Date: Thu, 07 May 2026 04:03 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਬੁੱਧਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਚੱਲਦੀ ਕਾਰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਸ ਖ਼ੌਫ਼ਨਾਕ ਮੰਜ਼ਰ ਦੌਰਾਨ ਕਾਰ ਚਾਲਕ ਨੇ ਆਪਣੀ ਸੂਝ-ਬੂਝ ਦਿਖਾਈ ਤੇ ਸਮਾਂ ਰਹਿੰਦੇ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ, ਜਿਸ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਹਰਿਆਣਾ ਨੰਬਰ (ਐਚਆਰ 29-ਬੀਵਾਈ 5723) ਦੀ ਇਹ ਕਾਰ ਬਠਿੰਡਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਇਸ ਦੌਰਾਨ ਅਚਾਨਕ ਡਰਾਈਵਰ ਨੂੰ ਕਾਰ ਦੇ ਬੋਨਟ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ। ਖ਼ਤਰੇ ਨੂੰ ਭਾਂਪਦਿਆਂ ਉਸ ਨੇ ਤੁਰੰਤ ਗੱਡੀ ਸੜਕ ਕੰਢੇ ਰੋਕੀ, ਪਰ ਅਜੇ ਉਹ ਕੁਝ ਸਮਝ ਹੀ ਪਾਉਂਦਾ ਕਿ ਅੱਗ ਨੇ ਤੇਜ਼ੀ ਨਾਲ ਪੂਰੀ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਡਰਾਈਵਰ ਅਨੁਸਾਰ ਉਹ ਬੜੀ ਮੁਸ਼ਕਲ ਨਾਲ ਖ਼ੁਦ ਨੂੰ ਸੁਰੱਖਿਅਤ ਬਾਹਰ ਕੱਢ ਸਕਿਆ। ਜੇਕਰ ਕੁਝ ਸੈਕੰਡ ਦੀ ਵੀ ਦੇਰੀ ਹੁੰਦੀ ਤਾਂ ਉਸ ਦੀ ਜਾਨ ਜਾ ਸਕਦੀ ਸੀ। ਘਟਨਾ ਤੋਂ ਬਾਅਦ ਰਾਹਗੀਰਾਂ ਨੇ ਮਦਦ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਕੋਈ ਵੀ ਨੇੜੇ ਜਾਣ ਦੀ ਹਿੰਮਤ ਨਹੀਂ ਜੁਟਾ ਸਕਿਆ। ਬਾਅਦ ਵਿਚ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਮਾਹਰਾਂ ਅਨੁਸਾਰ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਵਾਹਨਾਂ ਦੀ ਸਮੇਂ-ਸਮੇਂ 'ਤੇ ਸਰਵਿਸਿੰਗ ਕਰਵਾਉਣੀ ਬੇਹੱਦ ਲਾਜ਼ਮੀ ਹੈ।