ਕੁੱਟਮਾਰ ਦੇ ਦੋਸ਼ ਵਿਚ ਇਕ ਔਰਤ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ 'ਤੇ ਪਰਚੇ ਦਰਜ

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਇਲਾਕਿਆਂ ਵਿਚ ਹਿੰਸਕ ਝੜਪਾਂ ਅਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਨੇ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਕ ਔਰਤ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਜਨਤਾ ਨਗਰ ਦੀ ਰਹਿਣ ਵਾਲੀ ਰਮਨਦੀਪ ਕੌਰ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸੁਖਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਜਤਿੰਦਰ ਕੁਮਾਰ, ਵਨਿੰਦਰ ਕੁਮਾਰ, ਰਮਨਦੀਪ ਸਿੰਘ ਵਾਸੀਆਨ ਜਨਤਾ ਨਗਰ ਤੇ ਕੁਝ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਨੂੰ ਦਾਸ ਅਨੁਸਾਰ ਸ਼ਿਕਾਇਤ ਦੇ ਅਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀ ਫਿਲਹਾਲ ਜ਼ਮਾਨਤ 'ਤੇ ਰਿਹਾਅ ਹਨ। ਇਸੇ ਤਰ੍ਹਾਂ ਥਾਣਾ ਸਦਰ ਬਠਿੰਡਾ ਵਿਖੇ ਕਰਨਵੀਰ ਸਿੰਘ ਵਾਸੀ ਗੁਲਾਬਗੜ੍ਹ ਦੀ ਸ਼ਿਕਾਇਤ 'ਤੇ 9 ਵਿਅਕਤੀਆਂ ਰਾਮ ਸਿੰਘ, ਬਿੱਟੂ ਸਿੰਘ, ਤੇਜਾ ਸਿੰਘ, ਦੀਪ ਸਿੰਘ, ਜਸਪ੍ਰੀਤ ਸਿੰਘ, ਸੋਨੀ ਸਿੰਘ, ਜਸ਼ਨ ਸਿੰਘ ਵਾਸੀਆਨ ਗਹਿਰੀ ਭਾਗੀ, ਕਮਲ ਵਾਸੀ ਫੂਸ ਮੰਡੀ, ਨਿੱਕਾ ਸਿੰਘ ਵਾਸੀ ਕੋਟਸ਼ਮੀਰ ਤੇ 4-5 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਬੇਸਬਾਲ ਨਾਲ ਉਸ 'ਤੇ ਜਾਨਲੇਵਾ ਹਮਲਾ ਕੀਤਾ। ਸਹਾਇਕ ਥਾਣੇਦਾਰ ਅਰਜਨ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਹਸਪਤਾਲ ਦਾਖ਼ਲ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹਨ। ਥਾਣਾ ਸਿਟੀ ਰਾਮਪੁਰਾ ਵਿਚ ਰੂੜੀ ਚੁੱਕਣ ਦੇ ਵਿਵਾਦ ਨੂੰ ਲੈ ਕੇ ਜਰਨੈਲ ਸਿੰਘ, ਅੰਮ੍ਰਿਤਪਾਲ ਸਿੰਘ ਵਾਸੀਆਨ ਮਹਿਰਾਜ, ਜਸਪ੍ਰੀਤ ਸਿੰਘ ਵਾਸੀ ਪਥਰਾਲਾ, ਬੱਬੂ ਸਿੰਘ ਤੇ ਅੱਠ-ਦਸ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ 'ਤੇ ਸੋਟੀਆਂ ਅਤੇ ਗੰਡਾਸਿਆਂ ਨਾਲ ਇਕ ਪਰਿਵਾਰ 'ਤੇ ਹਮਲਾ ਕਰਨ ਦਾ ਦੋਸ਼ ਹੈ। ਇਹ ਕਾਰਵਾਈ ਤਜਿੰਦਰ ਪਾਲ ਸਿੰਘ ਵਾਸੀ ਮਹਿਰਾਜ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਪੀੜਤ ਨੇ ਦੱਸਿਆ ਕਿ ਲੰਘੀ 3 ਮਈ ਨੂੰ ਜਦੋਂ ਉਹ ਤੂੜੀ ਵਾਲਾ ਕਮਰਾ ਤਿਆਰ ਕਰ ਰਹੇ ਸਨ ਤਾਂ ਉਕਤ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਉਸਦੇ ਅਤੇ ਗੁਰਮੀਤ ਸਿੰਘ, ਕਰਮਜੀਤ ਸਿੰਘ ਤੇ ਵੀਰਪਾਲ ਕੌਰ ਦੇ ਸੱਟਾਂ ਮਾਰੀਆਂ ਹਨ। ਉਧਰ, ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪੰਕਜ ਸਿੰਘ ਵਾਸੀ ਮੁਲਤਾਨੀਆ ਰੋਡ ਦੀ ਸ਼ਿਕਾਇਤ 'ਤੇ ਜੋਧਾ ਸਿੰਘ ਵਾਸੀ ਜੋਧਪੁਰ ਪਾਖਰ ਅਤੇ ਗੁਰਮੇਲ ਸਿੰਘ ਵਾਸੀ ਮੋੜ ਵਿਰੁੱਧ ਕੁੱਟਮਾਰ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਥਾਣਾ ਸੰਗਤ ਵਿਖੇ ਵੀ ਪੁਰਾਣੀ ਰੰਜਿਸ਼ ਕਾਰਨ ਅਰਸ਼ਦੀਪ ਸਿੰਘ ਤੇ ਉਸ ਦੇ ਮਾਤਾ-ਪਿਤਾ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਕਥਿਤ ਦੋਸ਼ੀ ਅੰਮ੍ਰਿਤਪਾਲ ਸਿੰਘ, ਹੈਪੀ, ਪੀਤਾ, ਸੁਖਦੇਵ ਰਾਮ ਵਾਸੀਆਨ ਸੰਗਤ ਕੋਠੇ ਅਤੇ ਮੇਜਰ ਸਿੰਘ ਵਾਸੀ ਹਰਿਆਣਾ ਵਿਰੁੱਧ ਕੇਸ ਦਰਜ ਕੀਤਾ ਹੈ।