ਸੰਗਠਨ ਮੰਤਰੀ ਸ੍ਰੀ ਨਿਵਾਸਲੂ ਨੇ ਲਿਆ ਚੋਣ ਤਿਆਰੀਆਂ ਦਾ ਜਾਇਜ਼ਾ
ਸੰਗਠਨ ਮੰਤਰੀ ਸ੍ਰੀ ਨਿਵਾਸਲੂ ਨੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ
Publish Date: Tue, 05 May 2026 06:50 PM (IST)
Updated Date: Wed, 06 May 2026 04:12 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਭਾਜਪਾ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲ, ਨਗਰ ਪੰਚਾਇਤ ਅਤੇ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹਨ। ਭਾਜਪਾ ਸੰਗਠਨ ਦੇ ਮਹਾਂ ਮੰਤਰੀ ਸ੍ਰੀ ਨਿਵਾਸਲੂ ਵੱਲੋਂ ਅੱਜ ਭਾਜਪਾ ਦੇ ਸਥਾਨਕ ਦਫਤਰ ’ਚ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਸੂਬਾ ਜਰਨਲ ਸਕੱਤਰ ਦਿਆਲ ਸੋਢੀ ਦੀ ਅਗਵਾਈ ਹੇਠ ਜ਼ਿਲ੍ਹਾ ਦਿਹਾਤੀ ਦੇ ਆਗੂਆਂ ਨਾਲ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਸ੍ਰੀ ਨਿਵਾਸਲੂ ਨੇ ਭਾਜਪਾ ਆਗੂਆਂ ਨੂੰ ਬੰਗਾਲ ਚੋਣਾਂ ’ਚ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕੇ ਸਥਾਨਕ ਚੋਣਾਂ ਵਿਚ ਭਾਜਪਾ ਦੀ ਜਿੱਤ ਨਾਲ ਹੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦਾ ਭਵਿੱਖ ਤਹਿ ਹੋਵੇਗਾ। ਜ਼ਿਲ੍ਹਾ ਪੱਧਰੀ ਆਗੂ ਇਨ੍ਹਾਂ ਚੋਣਾਂ ਵਿਚ ਜਿੱਤ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦੇਣ ਤੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਡੋਰ ਟੂ ਡੋਰ ਪ੍ਰਚਾਰ ਰਾਹੀਂ ਘਰ-ਘਰ ਤਕ ਪਹੁੰਚ ਕਰਨ, ਵਿਸ਼ੇਸ਼ ਤੌਰ ’ਤੇ ਦਲਿਤ ਵਰਗ ਤੇ ਮਹਿਲਾ ਵਰਗ ਨੂੰ ਪਾਰਟੀ ਨਾਲ ਜੋੜਨ ਲਈ ਵੱਧ ਤੋਂ ਵੱਧ ਮੀਟਿੰਗਾਂ ਕੀਤੀਆਂ ਜਾਣ, ਕੇਂਦਰ ਸਰਕਾਰ ਵੱਲੋਂ ਦਲਿਤ ਵਰਗ ਤੇ ਮਹਿਲਾਵਾਂ ਲਈ ਲਾਗੂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਪੱਛਮੀ ਬੰਗਾਲ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਪੱਛਮੀ ਬੰਗਾਲ ਦੀ ਜਿੱਤ ਨਾਲ ਭਾਜਪਾ ਵਰਕਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਸਥਾਨਕ ਚੋਣਾਂ ’ਚ ਭਾਜਪਾ ਉਮੀਦਵਾਰ ਇਸ ਦਾ ਲਾਹਾ ਲੈ ਸਕਦੇ ਹਨ। ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਕੇ ਭਾਜਪਾ ਦੇ ਹੱਕ ਵਿਚ ਲਾਮਬੰਦ ਕਰਨ ਹਰ ਘਰ ਤਕ ਪਹੁੰਚ ਕੀਤੀ ਜਾਵੇ। ਸੂਬਾ ਜਰਨਲ ਸਕੱਤਰ ਦਿਆਲ ਸੋਢੀ ਨੇ ਵੀ ਚੋਣਾਂ ਦੀਆਂ ਤਿਆਰੀਆਂ ਆਗੂਆਂ ਨਾਲ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਜਰਨਲ ਸਕੱਤਰ, ਸਰਕਲ ਪ੍ਰਧਾਨ ਅਤੇ ਵੱਖ ਵੱਖ ਮੋਰਚਿਆ ਦੇ ਪ੍ਰਧਾਨਾਂ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਤਕ ਦੀ ਕਾਰਗੁਜਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਅਮਰਿੰਦਰ ਸਿੰਘ ਦਾਤੇਵਾਸ ਐਸਸੀ ਮੋਰਚਾ ਜਰਨਲ ਸਕੱਤਰ, ਜਸਵੀਰ ਸਿੰਘ ਮਹਿਰਾਜ, ਐਸਸੀ ਮੋਰਚਾ ਪ੍ਰਧਾਨ ਸਵਰਨ ਸਿੰਘ ਬੁਰਜ, ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਗੜ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਭੁੱਚੋ, ਸਰਕਲ ਪ੍ਰਧਾਨ ਬਬਲੇਸ਼ ਕੁਮਾਰ ਬੌਬੀ ਸਿੰਗਲਾ, ਦੇਵੀ ਦਿਆਲ ਤਲਵੰਡੀ, ਮੰਦਰ ਸਿੰਘ ਕੋਇਰ ਸਿੰਘ ਵਾਲਾ, ਮਨਦੀਪ ਸ਼ਰਮਾ ਮਲੂਕਾ, ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ।