ਕੋਠਾ ਗੁਰੂ ’ਚ ਲਗਾਇਆ ਐੱਚਆਈਵੀ ਸਬੰਧੀ ਜਾਂਚ ਕੈਂਪ
ਕੋਠਾ ਗੁਰੂ ‘ਚ ਲਗਾਇਆ ਐਚਆਈਵੀ ਸਬੰਧੀ ਜਾਗਰੂਕਤਾ ਅਤੇ ਜਾਂਚ ਕੈਂਪ
Publish Date: Tue, 05 May 2026 05:11 PM (IST)
Updated Date: Wed, 06 May 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ ; ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸਐੱਮਓ ਡਾ. ਸੀਮਾ ਗੁਪਤਾ ਦੀ ਅਗਵਾਈ ਹੇਠ ਅਤੇ ਦਿਸ਼ਾ ਕਲੱਸਟਰ ਦੇ ਸਹਿਯੋਗ ਨਾਲ ਪਿੰਡ ਕੋਠਾ ਗੁਰੂ ਕਾ ਵਿਖੇ ਐੱਚਆਈਵੀ ਸਬੰਧੀ ਜਾਗਰੂਕਤਾ ਤੇ ਜਾਂਚ ਕੈਂਪ ਲਗਾਇਆ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਐੱਚਆਈਵੀ ਬਾਰੇ ਸਹੀ ਜਾਣਕਾਰੀ ਦੇਣਾ ਅਤੇ ਮੁਫ਼ਤ ਜਾਂਚ ਸਹੂਲਤ ਪ੍ਰਦਾਨ ਕਰਨਾ ਸੀ। ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਮੈਂਬਰ ਐੱਮਐੱਲਟੀ ਅਮਨਦੀਪ ਸਿੰਘ ਵੱਲੋਂ ਲੋਕਾਂ ਦੀ ਮੁਫ਼ਤ ਐਚਆਈਵੀ ਜਾਂਚ ਕੀਤੀ ਗਈ। ਕੈਂਪ ’ਚ 38 ਲੋਕਾਂ ਦੇ ਟੈਸਟ ਕੀਤੇ।
ਇਸ ਮੌਕੇ ਕੌਂਸਲਰ ਕੇਵਲ ਕ੍ਰਿਸ਼ਨ ਵੱਲੋਂ ਲੋਕਾਂ ਨੂੰ ਸਲਾਹ-ਮਸ਼ਵਰਾ (ਕੌਂਸਲਿੰਗ) ਵੀ ਦਿੱਤੀ। ਐੱਸਐੱਮਓ ਡਾ. ਸੀਮਾ ਗੁਪਤਾ ਨੇ ਦੱਸਿਆ ਕਿ ਐੱਚਆਈਵੀ ਇਕ ਸੰਕਰਾਮਕ ਬਿਮਾਰੀ ਹੈ, ਜੋ ਅਸੁਰੱਖਿਅਤ ਯੌਨ ਸੰਪਰਕ, ਸੰਕਰਮਿਤ ਖੂਨ ਜਾਂ ਸੂਈਆਂ ਦੀ ਵਰਤੋਂ ਨਾਲ ਫੈਲਦੀ ਹੈ ਪਰ ਸਹੀ ਜਾਣਕਾਰੀ ਤੇ ਸਾਵਧਾਨੀਆਂ ਨਾਲ ਇਸ ਤੋਂ ਬਚਾਅ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ ਤਾਂ ਜੋ ਐੱਚਆਈਵੀ ਦੇ ਮਾਮਲਿਆਂ ਦੀ ਸਮੇਂ ਸਿਰ ਪਛਾਣ ਹੋ ਸਕੇ ਅਤੇ ਮਰੀਜ਼ਾਂ ਨੂੰ ਤੁਰੰਤ ਇਲਾਜ ਨਾਲ ਜੋੜਿਆ ਜਾ ਸਕੇ। ਬੀਈਈ ਮਾਲਵਿੰਦਰ ਸਿੰਘ ਤਿਉਣਾ ਨੇ ਦੱਸਿਆ ਕਿ ਸਰਕਾਰ ਵੱਲੋਂ ਐੱਚਆਈਵੀ ਦੀ ਜਾਂਚ ਅਤੇ ਇਲਾਜ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਦੀ ਨਿਜਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ’ਤੇ ਆਪਣੀ ਜਾਂਚ ਕਰਵਾਉਣ ਅਤੇ ਸੁਰੱਖਿਅਤ ਜੀਵਨ ਸ਼ੈਲੀ ਅਪਣਾਉਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਐੱਚਆਈਵੀ ਸਬੰਧੀ ਭ੍ਰਮਾਂ ਤੋਂ ਦੂਰ ਰਹਿਣ ਅਤੇ ਸਮਾਜ ’ਚ ਇਸ ਬਾਰੇ ਜਾਗਰੂਕਤਾ ਫੈਲਾਉਣ ਵਿਚ ਆਪਣਾ ਯੋਗਦਾਨ ਪਾਉਣ। ਕੈਂਪ ਨੂੰ ਕਾਮਯਾਬ ਕਰਨ ਲਈ ਐਮਪੀਐਚ ਡਬਲਯੂ ਮੇਲ ਸੁਰੇਸ਼ ਕੁਮਾਰ ਅਤੇ ਸਮੂਹ ਆਸ਼ਾ ਵਰਕਰਾਂ ਵੱਲੋਂ ਅਹਿਮ ਭੂਮਿਕਾ ਨਿਭਾਈ।