ਕੁੱਟਮਾਰ ਦੇ ਦੋਸ਼ ਹੇਠ 16 ਜਣਿਆਂ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਦੋਸ਼ ਹੇਠ 16 ਵਿਅਕਤੀਆਂ ਖਿਲਾਫ ਕੇਸ ਦਰਜ
Publish Date: Tue, 05 May 2026 04:38 PM (IST)
Updated Date: Wed, 06 May 2026 04:17 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ 16 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਨੀਤਾ ਵਾਸੀ ਸ਼ਾਂਤ ਨਗਰ 100 ਫੁੱਟੀ ਰੋਡ ਨੇ ਦੱਸਿਆ ਕਿ ਕਾਸ਼ੀ, ਖੱਨੂੰ ਅਤੇ ਉਨ੍ਹਾਂ ਦੇ ਦੋ ਅਣਪਛਾਤੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਹ ਜ਼ਖਮੀ ਹੋ ਗਈ। ਪੀੜਤਾ ਨੇ ਦੱਸਿਆ ਕਿ 17 ਅਪ੍ਰੈਲ ਨੂੰ ਵੀ ਲੜਾਈ ਹੋਈ ਸੀ। ਜਿਸ ਵਿਚ ਦੋਸ਼ੀ ਕਾਸ਼ੀ ਦੀ ਮਾਤਾ ਨੂੰ ਸੱਟਾਂ ਲੱਗੀਆਂ ਸਨ। ਇਸੇ ਰੰਜਿਸ਼ ਦੇ ਚਲਦਿਆਂ ਉਸਦੀ ਕੁੱਟਮਾਰ ਕੀਤੀ ਗਈ ਹੈ।
ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਗੁਰ ਸਾਹਿਬ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੈ। ਇਸ ਤਰ੍ਹਾਂ ਹੀ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਿਥੁਨ ਸੰਤਲਾ ਵਾਸੀ ਜੋਗੀ ਨਗਰ ਬਠਿੰਡਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਗਦੰਬਾ ਨਾਲ ਆਪਣੇ ਤਾਏ ਨੂੰ ਰੋਟੀ ਦੇਣ ਲਈ ਗਿਆ ਸੀ ਕਿ ਇਸ ਦੌਰਾਨ ਕਾਲੂ, ਸਾਗਰ, ਲੰਬੂ ਬਿਹਾਰੀ ਉਰਫ ਮੁਕੇਸ਼, ਰਾਜਾ, ਦੁਰਗਾ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਥਾਣਾ ਕੈਨਾਲ ਕਾਲੋਨੀ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਤਰ੍ਹਾਂ ਹੀ ਥਾਣਾ ਸਦਰ ਬਠਿੰਡਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਸਾਹਿਲ ਕੁਮਾਰ ਵਾਸੀ ਗੁਰੂ ਨਾਨਕਪੁਰਾ ਮਹੱਲਾ ਬਠਿੰਡਾ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਡੱਬਵਾਲੀ ਰੋਡ ’ਤੇ ਸਥਿਤ ਆਊਟਲੈਟ ਵਿਚ ਗਿਆ ਸੀ। ਇਸ ਦੌਰਾਨ ਹੀ ਪ੍ਰਗਟ ਸਿੰਘ ਵਗੈਰਾ ਨਾਲ ਗੱਡੀ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਦੋਵਾਂ ਧਿਰਾਂ ਨੂੰ ਸੱਟਾਂ ਲੱਗੀਆਂ। ਸਹਾਇਕ ਥਾਣੇਦਾਰ ਧਰਮ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਮੁਲਜਮ ਸਿਵਲ ਹਸਪਤਾਲ ਦਾਖਲ ਹਨ ਅਤੇ ਦੋਵਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।