ਗੁਰੂ ਕਾਸ਼ੀ ’ਵਰਸਿਟੀ ਵੱਲੋਂ ਏਆਈ ਬਾਰੇ ਲਗਾਈ ਤਿੰਨ ਦਿਨਾ ਵਰਕਸ਼ਾਪ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਰੋਬੋਟਿਕਸ ਅਤੇ ਏਆਈ ਬਾਰੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ
Publish Date: Tue, 05 May 2026 04:30 PM (IST)
Updated Date: Wed, 06 May 2026 04:03 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੇ ਕੰਪਿਊਟਿੰਗ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਤੇ ਰੋਬੋਟਿਕਸ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵੱਲੋਂ ਇਨਫੋਟੈਕ “ਐਨ” ਟੈਨਮੈਂਟ ਇੰਕ ਦੇ ਸਹਿਯੋਗ ਨਾਲ ਤਿੰਨ ਦਿਨਾ ਵਰਕਸ਼ਾਪ ਲਗਾਈ। ਡਾ. ਸੁਨੀਲ (ਸੀਈਓ) ਇਨਫੋਟੈਕ ‘ਐੱਨ’ ਟੈਨਮੈਂਟ ਇੰਕ ਇੰਜ. ਪ੍ਰਥਮ ਮੁੱਖੀ ਤਕਨਾਨੋਲਜੀ ਵਿਭਾਗ ਇਨਫੋਟੈਕ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਿਸ ’ਚ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਗਈ ਰੋਬੋਟਿਕਸ ਦੇ ਮੁਕਾਬਲਿਆਂ ’ਚ 15 ਟੀਮਾਂ ਨੇ ਹਿੱਸਾ ਲਿਆ। ਸਮੇਂ ਦੇ ਹਾਣ ਦੀ ਇਸ ਵਰਕਸ਼ਾਪ ਸਬੰਧੀ ਖੁਸ਼ੀ ਪ੍ਰਗਟਾਉਂਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਨਾਲ ਜੋੜਣ, ਕੰਪਿਊਟਰ ਲਈ ਤੇ ਰੋਬੋਟਿਕਸ ਦੇ ਖੇਤਰ ’ਚ ਹੋ ਰਹੀਆਂ ਨਵੀਆਂ ਕਾਢਾਂ ਅਤੇ ਬਦਲਾਵਾਂ ਬਾਰੇ ਜਾਣੂ ਕਰਵਾਉਣ ਵਿਚ ਵਰਕਸ਼ਾਪ ਅਹਿਮ ਭੂਮਿਕਾ ਨਿਭਾਏਗੀ। ਵਰਕਸ਼ਾਪ ’ਚ ਦਿੱਤੀ ਟ੍ਰੇਨਿਗ ਤੇ ਹਾਸਲ ਕੀਤੇ ਗਿਆਨ ਸਦਕਾ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਹੋਣਗੀਆਂ ਅਤੇ ਉਨ੍ਹਾਂ ਵੱਲੋਂ ਸਵੈ-ਉਦਯੋਗ ਸਥਾਪਿਤ ਕਰਨ ਵੱਲ ਤੁਰ ਕੇ ਰੋਜ਼ਗਾਰ ਤਲਾਸ਼ਣ ਦੀ ਬਜਾਏ ਰੁਜ਼ਗਾਰ ਦਾਤਾ ਬਣਨ ਦੀ ਰਾਹ ਖੁੱਲ੍ਹੇਗੀ। ਵਰਕਸ਼ਾਪ ਵਿਚ ਮਾਹਰ ਟ੍ਰੇਨਰ ਇੰਜਨੀਅਰ ਰੂਪਲ ਪਟੇਲ ਨੇ ਰੋਬੋਟਿਕਸ ਦੇ ਬੁਨਿਆਦੀ ਸਿਧਾਂਤਾਂ, ਅਰਡੂਇਨੋ ਪ੍ਰੋਗਰਾਮਿੰਗ ਤੇ ਰੀਅਲ-ਟਾਈਮ ਪ੍ਰੋਜੈਕਟ ਵਿਕਾਸ ਤੇ ਜਾਣਕਾਰੀ ਭਰਪੂਰ ਸੈਸ਼ਨ ਚਲਾਏ। ਕੰਪਿਊਟਰ ਐਪਲੀਕੇਸ਼ਨ ਦੇ ਡੀਨ, ਡਾ. ਵਿਜੈ ਲਕਸ਼ਮੀ ਨੇ ਮੁੱਖ ਪ੍ਰਬੰਧਕਾਂ ਵੱਲੋਂ ਵਰਕਸ਼ਾਪ ਵਿਚ ਕਰਵਾਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਕਿ 15 ਟੀਮਾਂ ਮੁਕਾਬਲਿਆਂ ’ਚ ਟੀਮ ਸਾਈਬਰ ਕ੍ਰਿਏਟਰਜ਼ ਨੇ ਪਹਿਲਾ, ਟੀਮ ਰੋਬੋ ਟਾਇਟਨਸ ਨੇ ਦੂਜਾ, ਟੀਮ ਚਿੱਪ ਚੈਂਪੀਅਨਜ਼ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਟੀਮ ਸੈਂਸਰ ਸਕੁਐਡ ਤੇ ਟੀਮ ਇਨੋਵੇਟਰਜ਼ ਨੂੰ ਸੰਯੁਕਤ ਰੂਪ ਵਿਚ ਚੌਥੇ ਸਥਾਨ ਲਈ ਚੁਣਿਆ। ਪ੍ਰਬੰਧਕਾਂ ਵੱਲੋਂ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ, ਜੇਤੂਆਂ ਨੂੰ ਮੈਂਡਲ, ਸਰਟੀਫਿਕੇਟ ਤੇ ਭਾਗੀਦਾਰਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ।