ਪੰਜ ਸੂਬਿਆਂ ਦੇ ਚੋਣ ਨਤੀਜਿਆਂ ਨਾਲ ਦੇਸ਼ ਦੀ ਸਿਆਸਤ ਦੀ ਦਿਸ਼ਾ ਸਪੱਸ਼ਟ : ਮਲੂਕਾ
ਪੰਜ ਰਾਜਾਂ ਦੇ ਚੋਣ ਨਤੀਜਿਆਂ ਨਾਲ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਸਪੱਸ਼ਟ: ਮਲੂਕਾ
Publish Date: Mon, 04 May 2026 07:08 PM (IST)
Updated Date: Tue, 05 May 2026 04:12 AM (IST)
-ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਬਣਾਏਗੀ ਆਪਣੀ ਸਰਕਾਰ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜ ਰਾਜਾਂ ਵਿੱਚ ਆਏ ਚੋਣ ਨਤੀਜਿਆਂ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਸਪੱਸ਼ਟ ਕਰ ਦਿੱਤੀ ਹੈ। ਦੇਸ਼ ਦੀ ਜਨਤਾ ਨੇ ਭਾਜਪਾ ਦੇ ਹੱਕ ਵਿਚ ਆਪਣਾ ਸਪੱਸ਼ਟ ਫ਼ੈਸਲਾ ਦੇ ਦਿੱਤਾ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਭਾਜਪਾ ਦੀ ਜਿੱਤ ’ਤੇ ਖੁਸ਼ੀ ਵਿਚ ਮਠਿਆਈ ਵੰਡਣ ਮੌਕੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਨਕਾਰਾਤਮਕ ਤੇ ਭਰਮ ਭੁਲੇਖੇ ਕਰਨ ਵਾਲੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਲੋਕ ਪੱਖੀ ਰਾਜਨੀਤੀ ਕਰਨ ਵਾਲੀ ਭਾਜਪਾ ਨੂੰ ਚੁਣਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਲੂਕਾ ਨੇ ਕਿਹਾ ਕਿ ਇਹ ਨਤੀਜੇ ਦਰਸਾਉਂਦੇ ਹਨ ਕਿ ਦੇਸ਼ ਦੀ ਜਨਤਾ ਹੁਣ ਉਹ ਰਾਜਨੀਤੀ ਨਹੀਂ ਸਵੀਕਾਰਦੀ, ਜਿਹੜੀ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਵਾਂਗ ਝੂਠ ਦੀ ਬੁਨਿਆਦ ’ਤੇ ਚੱਲਦੀ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਝੂਠ ਦੀ ਰਾਜਨੀਤੀ ਕਰਦੀਆਂ ਹਨ, ਵਿਕਾਸ ਕਾਰਜਾਂ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਰਾਸ਼ਟਰੀ ਏਕਤਾ ਦੇ ਮਸਲਿਆਂ ‘ਤੇ ਵਿਰੋਧ ਦਾ ਰਾਹ ਅਪਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਮਸਲਿਆਂ ‘ਤੇ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਵੋਟਰਾਂ ਨੇ ਨਕਾਰ ਦਿੱਤਾ ਹੈ। ਮਲੂਕਾ ਨੇ ਦਾਅਵਾ ਕੀਤਾ ਕਿ ਲੋਕਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਉਹ ਦੇਸ਼ ਦੀ ਤਰੱਕੀ ਅਤੇ ਸਥਿਰਤਾ ਨੂੰ ਤਰਜੀਹ ਦਿੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਮਜ਼ਬੂਤ ਅਗਵਾਈ ‘ਤੇ ਭਰੋਸਾ ਜਤਾਇਆ ਹੈ। ਧਾਰਾ 370 ਦੇ ਮਾਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਜਨਤਾ ਨੇ “ਸ਼ੀਸ਼ਾ ਵਿਖਾ ਦਿੱਤਾ” ਹੈ। ਉਨ੍ਹਾਂ ਦੇ ਅਨੁਸਾਰ ਇਹ ਨਤੀਜੇ ਦਰਸਾਉਂਦੇ ਹਨ ਕਿ ਲੋਕ ਰਾਸ਼ਟਰੀ ਫ਼ੈਸਲਿਆਂ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਨ ਵਾਲੀਆਂ ਰਾਜਨੀਤਕ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਦੇ ਅਨੁਸਾਰ ਇਹ ਜਿੱਤ ਇਤਿਹਾਸਕ ਹੈ ਅਤੇ ਇਸ ਨਾਲ ਸਾਬਤ ਹੁੰਦਾ ਹੈ ਕਿ ਲੋਕ ਆਪਣੇ ਹੱਕਾਂ ਲਈ ਜਾਗਰੂਕ ਹਨ।