ਕਣਕ ਚੋਰੀ ਕਰਨ ’ਤੇ ਪਿਓ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
ਕਣਕ ਚੋਰ ਗਿਰੋਹ ਦਾ ਪਰਦਾਫਾਸ਼, ਪਿਓ-ਪੁੱਤਰ ਕਰਦੇ ਸਨ ਚੋਰੀ, ਦੋਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Publish Date: Mon, 04 May 2026 06:12 PM (IST)
Updated Date: Tue, 05 May 2026 04:11 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸੰਗਤ ਪੁਲਿਸ ਨੇ ਕਣਕ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਕਣਕ ਚੋਰੀ ਦੀਆਂ ਵਾਰਦਾਤਾਂ ਨੂੰ ਪਿਓ-ਪੁੱਤਰ ਮਿਲ ਕੇ ਅੰਜਾਮ ਦੇ ਰਹ ਸਨ। ਪੁਲਿਸ ਨੇ ਹੁਣ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਗਿਆ 10 ਬੋਰੀਆਂ ਕਣਕ, ਵਾਰਦਾਤ ਵਿੱਚ ਵਰਤੀ ਜਾਣ ਵਾਲੀ ਜੁਗਾੜੂ ਰੇਹੜੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ੈੱਲਰਾਂ, ਗੋਦਾਮਾਂ ਅਤੇ ਮੰਡੀ ਦੇ ਫੜ੍ਹਾਂ ਤੋਂ ਲਗਾਤਾਰ ਕਣਕ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ’ਤੇ ਪੁਲਿਸ ਵੱਲੋਂ ਨਿਗਰਾਨੀ ਵਧਾਈ ਗਈ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਦੋ ਦੋਸ਼ੀਆਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਸਤਪਾਲ ਪੁੱਤਰ ਬੀਰੂ ਅਤੇ ਉਸਦੇ ਪੁੱਤਰ ਰਾਕੇਸ਼ ਪੁੱਤਰ ਸਤਪਾਲ ਵਜੋਂ ਹੋਈ ਹੈ। ਦੋਵੇਂ ਇਸ ਵੇਲੇ ਬੀੜ ਤਲਾਬ ਗਲੀ ਨੰਬਰ 7 ’ਚ ਰਹਿ ਰਹੇ ਸਨ, ਜਦਕਿ ਮੁੱਢਲੇ ਤੌਰ ‘ਤੇ ਰਾਜਸਥਾਨ ਦੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਪੀਲੀਬੰਗਾ ਇਲਾਕੇ ਦੇ ਰਹਿਣ ਵਾਲੇ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਕਣਕ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਸਨ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਐੱਚਓ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ 4-5 ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਨੇ ਦੋ ਨਾਮਜ਼ਦ ਤੇ ਕੁਝ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਪੁਲਿਸ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ, ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਅਤੇ ਹੋਰ ਵਾਰਦਾਤਾਂ ਦਾ ਖੁਲਾਸਾ ਕੀਤਾ ਜਾ ਸਕੇ।