ਦਾਜ ਲਈ 40 ਲੱਖ ਦੀ ਮੰਗ, ਵਿਰੋਧ ਕਰਨ ’ਤੇ ਕੁੱਟਮਾਰ, ਕੇਸ ਦਰਜ ਹੁੰਦੇ ਹੀ ਐੱਨਆਰਆਈ ਪਤੀ ਫ਼ਰਾਰ
ਦਾਜ਼ ਲਈ 40 ਲੱਖ ਦੀ ਮੰਗ, ਵਿਰੋਧ ਕਰਨ ‘ਤੇ ਕੁੱਟਮਾਰ: ਕੇਸ ਦਰਜ ਹੁੰਦਿਆਂ ਹੀ ਐਨਆਰਆਈ ਪਤੀ ਕੈਨੇਡਾ ਫਰਾਰ
Publish Date: Mon, 04 May 2026 05:30 PM (IST)
Updated Date: Tue, 05 May 2026 04:06 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਵਿਆਹ ਤੋਂ ਸਿਰਫ਼ ਤਿੰਨ ਮਹੀਨੇ ਬਾਅਦ ਦਾਜ਼ ਦੀ ਮੰਗ ਅਤੇ ਘਰੇਲੂ ਹਿੰਸਾ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਥਾਣਾ ਪੁਲਿਸ ਨੇ ਇਕ ਵਿਆਹਤਾ ਦੀ ਸ਼ਿਕਾਇਤ ‘ਤੇ ਉਸਦੇ ਐਨਆਰਆਈ ਪਤੀ ਅਤੇ ਸੱਸ ਖ਼ਿਲਾਫ਼ ਦਾਜ਼ ਬਦਲੇ ਤੰਗ ਪਰੇਸ਼ਾਨ, ਮਾਰਕੁੱਟ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਜਾਣਕਾਰੀ ਮਿਲਦੇ ਹੀ ਦੋਸ਼ੀ ਪਤੀ ਕੈਨੇਡਾ ਫਰਾਰ ਹੋ ਗਿਆ। ਪੀੜਤਾ ਸਿਮਰਨ ਕੌਰ ਵਾਸੀ ਬਠਿੰਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ 14 ਦਸੰਬਰ 2025 ਨੂੰ ਮਨਮੀਤ ਸਿੰਘ ਨਾਲ ਹੋਇਆ ਸੀ। ਵਿਆਹ ‘ਤੇ ਉਸਦੇ ਪਰਿਵਾਰ ਵੱਲੋਂ ਕਰੀਬ 27 ਲੱਖ ਰੁਪਏ ਖਰਚ ਕੀਤੇ ਗਏ ਸਨ, ਪਰ ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਪਤੀ ਮਨਮੀਤ ਸਿੰਘ ਤੇ ਸੱਸ ਮਨਜੀਤ ਕੌਰ ਨੇ ਉਸ ਤੋਂ ਵਾਧੂ 40 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਅਨੁਸਾਰ ਜਦੋਂ ਸਿਮਰਨ ਨੇ ਇਨ੍ਹੀ ਵੱਡੀ ਰਕਮ ਦੇਣ ਤੋਂ ਅਸਮਰੱਥਤਾ ਜਤਾਈ ਤਾਂ ਉਸ ਨੂੰ ਲਗਾਤਾਰ ਤੰਗ ਕੀਤਾ ਜਾਣ ਲੱਗ ਪਿਆ। ਦੋਸ਼ ਹੈ ਕਿ ਉਸਦਾ ਪਤੀ ਸਿੰਥੈਟਿਕ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਮਾਰਕੁੱਟ ਕਰਦਾ ਸੀ। ਹਾਲਾਤ ਇਨ੍ਹੇ ਵਿਗੜ ਗਏ ਕਿ ਦੋਸ਼ੀ ਪਤੀ ਉਸ ਨੂੰ ਬਠਿੰਡਾ ਉਸਦੇ ਮਾਇਕੇ ਛੱਡ ਗਿਆ। ਪੀੜਤਾ ਅਨੁਸਾਰ ਮਾਮਲੇ ਨੂੰ ਸੁਲਝਾਉਣ ਲਈ ਪੰਚਾਇਤ ਵੀ ਬੁਲਾਈ ਗਈ ਸੀ, ਪਰ ਦੋਸ਼ੀ ਪੱਖ ਪੰਚਾਇਤ ਵਿੱਚ ਹੋਏ ਸਮਝੌਤੇ ਤੋਂ ਵੀ ਮੁਕਰ ਗਿਆ। ਪਤੀ ਅਤੇ ਸੱਸ ਦੀ ਕਥਿਤ ਤੰਗ ਪ੍ਰੇਸ਼ਾਨੀ ਤੋਂ ਤੰਗ ਆ ਕੇ ਸਿਮਰਨ ਨੇ 10 ਮਾਰਚ 2026 ਨੂੰ ਮਹਿਲਾ ਥਾਣਾ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਪੀੜਤਾ ਦਾ ਦੋਸ਼ ਹੈ ਕਿ ਸ਼ਿਕਾਇਤ ਦੀ ਜਾਣਕਾਰੀ ਮਿਲਣ ‘ਤੇ ਉਸਦਾ ਪਤੀ 18 ਮਾਰਚ ਨੂੰ ਕੈਨੇਡਾ ਭੱਜ ਗਿਆ। ਇਸ ਤੋਂ ਇਲਾਵਾ ਉਹ ਲਗਾਤਾਰ ਉਸਨੂੰ ਤਲਾਕ ਲਈ ਮੈਸੇਜ ਭੇਜ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਹੈ। ਮਹਿਲਾ ਥਾਣਾ ਪੁਲਿਸ ਨੇ ਸ਼ਿਕਾਇਤ ਮਿਲਣ ’ਤੇ ਦੋਸ਼ੀ ਪਤੀ ਮਨਮੀਤ ਸਿੰਘ ਅਤੇ ਸੱਸ ਮਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।