ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਤਿੰਨ ਗੰਭੀਰ ਜ਼ਖ਼ਮੀ
ਦੋ ਵੱਖ-ਵੱਖ ਸੜਕ ਹਾਦਸਿਆਂ ‘ਚ ਤਿੰਨ ਗੰਭੀਰ ਜ਼ਖ਼ਮੀ
Publish Date: Mon, 04 May 2026 05:21 PM (IST)
Updated Date: Tue, 05 May 2026 04:06 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਇਲਾਕਿਆਂ ਵਿੱਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਤਿੰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਹਾਦਸਿਆਂ ’ਚ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਇਲਾਜ ਸ਼ੁਰੂ ਕਰਵਾਇਆ। ਪਹਿਲੀ ਘਟਨਾ ਬਠਿੰਡਾ ਕੈਂਟ ਰਿੰਗ ਰੋਡ ‘ਤੇ ਵਾਪਰੀ, ਜਿੱਥੇ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਸੰਤੁਲਨ ਵਿਗੜ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਜਿਸ ਦੀ ਅਗਵਾਈ ਸੰਦੀਪ ਗਿੱਲ ਕਰ ਰਹੇ ਸਨ, ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੀ। ਟੀਮ ਨੇ ਜ਼ਖ਼ਮੀਆਂ ਨੂੰ ਤੁਰੰਤ ਉਠਾ ਕੇ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਜ਼ਖ਼ਮੀਆਂ ਦੀ ਪਛਾਣ ਨਵੀਨ (ਉਮਰ 27 ਸਾਲ) ਪੁੱਤਰ ਸੰਦੀਪ ਕੁਮਾਰ ਤੇ ਆਸ਼ੂ (ਉਮਰ 22 ਸਾਲ) ਪੁੱਤਰ ਰਾਜਪਾਲ ਵਾਸੀ ਪਰਸ ਰਾਮ ਨਗਰ ਵਜੋਂ ਹੋਈ ਹੈ। ਦੂਜੀ ਘਟਨਾ ਬਠਿੰਡਾ-ਗੋਨਿਆਣਾ ਰੋਡ ’ਤੇ ਝੀਲ ਨੰਬਰ ਇਕ ਦੇ ਨੇੜੇ ਵਾਪਰੀ, ਜਿੱਥੇ ਇੱਕ ਮੋਟਰਸਾਈਕਲ ਸਵਾਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਟੀਮ ਮੁੜ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਗੁਰਤੇਜ ਸਿੰਘ (ਉਮਰ 45 ਸਾਲ) ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਖੇਮੂਆਣਾ ਵਜੋਂ ਹੋਈ ਹੈ। ਦੋਵਾਂ ਹਾਦਸਿਆਂ ’ਚ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਤੁਰੰਤ ਕੀਤੀ ਕਾਰਵਾਈ ਕਾਰਨ ਜ਼ਖ਼ਮੀਆਂ ਨੂੰ ਸਮੇਂ ਸਿਰ ਇਲਾਜ ਮਿਲ ਸਕਿਆ। ਪੁਲਿਸ ਵੱਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੇ ਹਾਦਸੇ ’ਚ ਅਣਪਛਾਤੇ ਵਾਹਨ ਦੀ ਭਾਲ ਜਾਰੀ ਹੈ।