ਸਵਾਰੀਆਂ ਨੂੰ ਲੁੱਟਣ ਵਾਲੀ ਈ-ਰਿਕਸ਼ਾ ਚਾਲਕ ਔਰਤ ਵਿਰੁੱਧ ਕੇਸ ਦਰਜ
ਸਵਾਰੀਆਂ ਨੂੰ ਲੁੱਟਣ ਵਾਲੀ ਈ-ਰਿਕਸ਼ਾ ਚਾਲਕ ਔਰਤ ਵਿਰੁੱਧ ਕੇਸ ਦਰਜ
Publish Date: Mon, 04 May 2026 05:05 PM (IST)
Updated Date: Tue, 05 May 2026 04:05 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਪੁਲਿਸ ਨੇ ਸ਼ਹਿਰ ਵਿੱਚ ਸਵਾਰੀਆਂ ਨੂੰ ਡਰਾ-ਧਮਕਾ ਕੇ ਲੁੱਟਣ ਵਾਲੀ ਇੱਕ ਈ-ਰਿਕਸ਼ਾ ਚਾਲਕ ਔਰਤ ਵਿਰੁੱਧ ਸ਼ਿਕਾਇਤ ਮਿਲਣ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਅਤੇ ਇਕ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਅਮਲ ਵਿੱਚ ਲਿਆਂਦੀ ਗਈ ਹੈ। ਜਾਣਕਾਰੀ ਅਨੁਸਾਰ ਸਤਪਾਲ ਸਿੰਗਲਾ ਵਾਸੀ ਗੁਰੂ ਨਾਨਕਪੁਰਾ ਮੁਹੱਲਾ, ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਪੂਜਾ ਸ਼ਰਮਾ ਨਾਮੀ ਔਰਤ, ਜੋ ਕਿ ਈ-ਰਿਕਸ਼ਾ ਚਲਾਉਂਦੀ ਹੈ, ਭੋਲੀਆਂ-ਭਾਲੀਆਂ ਸਵਾਰੀਆਂ ਨੂੰ ਆਪਣੇ ਜਾਲ ’ਚ ਫਸਾ ਕੇ ਲੁੱਟਦੀ ਹੈ। ਸ਼ਿਕਾਇਤਕਰਤਾ ਅਨੁਸਾਰ ਉਕਤ ਔਰਤ ਸਵਾਰੀਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਪੈਸਿਆਂ ਦੀ ਲੁੱਟਖੋਹ ਕਰਦੀ ਹੈ। ਜ਼ਿਕਰਯੋਗ ਹੈ ਕਿ ਲੰਘੀ 2 ਮਈ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ’ਚ ਦਿਖਾਇਆ ਗਿਆ ਸੀ ਕਿ ਉਕਤ ਔਰਤ ਨੇ ਕਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ। ਵੀਡੀਓ ਵਿੱਚ ਔਰਤ ਦੇ ਨਾਲ ਉਸਦਾ ਨੀਲੇ ਰੰਗ ਦਾ ਈ-ਰਿਕਸ਼ਾ ਵੀ ਸਾਫ਼ ਨਜ਼ਰ ਆ ਰਿਹਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਅਧਿਕਾਰੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਅਤੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਪੂਜਾ ਸ਼ਰਮਾ ਵਾਸੀ ਪੁਰਾਣਾ ਬਠਿੰਡਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਹਾਲੇ ਤੱਕ ਉਕਤ ਔਰਤ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਔਰਤ ਨੇ ਸ਼ਹਿਰ ਅੰਦਰ ਪੂਰੀ ਦਹਿਸ਼ਤ ਪੈਦਾ ਕਰ ਰੱਖੀ ਹੈ।