ਸੜਕ ਹਾਦਸਿਆਂ ’ਚ ਦੋ ਮੌਤਾਂ, ਔਰਤ ਸਮੇਤ 4 ਜ਼ਖ਼ਮੀ
ਸੜਕ ਹਾਦਸਿਆਂ ਵਿੱਚ ਦੋ ਮੌਤਾਂ, ਔਰਤ ਸਮੇਤ 4 ਜਣੇ ਜ਼ਖ਼ਮੀ
Publish Date: Mon, 04 May 2026 04:57 PM (IST)
Updated Date: Tue, 05 May 2026 04:05 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਅਤੇ ਇਕ ਔਰਤ ਸਮੇਤ 4 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਸਬੰਧਤ ਥਾਣਿਆਂ ਦੀ ਪੁਲਿਸ ਨੇ ਸ਼ਿਕਾਇਤਾਂ ਦੇ ਆਧਾਰ 'ਤੇ ਲਾਪਰਵਾਹੀ ਵਰਤਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਨਥਾਣਾ ਦੀ ਪੁਲਿਸ ਕੋਲ ਨਿਰਮਲ ਸਿੰਘ ਵਾਸੀ ਲਹਿਰਾ ਮੁਹੱਬਤ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਦਾ 23 ਸਾਲਾ ਲੜਕਾ ਬੋਬੀ ਲੰਘੀ 2 ਮਈ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਲਹਿਰਾ ਬੇਗਾ ਕੋਲੋਂ ਜਾ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਡਰਾਈਵਰ ਨੇ ਉਸ ਨੂੰ ਜ਼ੋਰਦਾਰ ਫੇਟ ਮਾਰੀ, ਜਿਸ ਕਾਰਨ ਜਸਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਤਲਵੰਡੀ ਸਾਬੋ ਦੇ ਖੇਤਰ ਵਿੱਚ ਵਾਪਰੇ ਇੱਕ ਹਾਦਸੇ ’ਚ 55 ਸਾਲਾ ਵਿਅਕਤੀ ਦੀ ਜਾਨ ਚਲੀ ਗਈ। ਗੁਰਜਿੰਦਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਜੰਟਾ ਸਿੰਘ, ਡੋਗਰ ਸਿੰਘ ਅਤੇ ਸੁਖਦੇਵ ਸਿੰਘ ਸੜਕ ਕੰਢੇ ਖੜ੍ਹੇ ਸਨ, ਤਾਂ ਇਕ ਤੇਜ਼ ਰਫ਼ਤਾਰ ਬੋਲੈਰੋ ਕੈਂਪਰ ਦੇ ਚਾਲਕ ਨੇ ਲਾਪਰਵਾਹੀ ਵਰਤਦੇ ਹੋਏ ਤੇਜ਼ ਰਫਤਾਰ ਗੱਡੀ ਉਨ੍ਹਾਂ ’ਚ ਮਾਰੀ। ਹਾਦਸੇ ’ਚ ਜੰਟਾ ਸਿੰਘ ਦੀ ਮੌਤ ਹੋ ਗਈ ਜਦਕਿ ਡੋਗਰ ਸਿੰਘ ਅਤੇ ਸੁਖਦੇਵ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਇਸ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕੈਂਪਰ ਗੱਡੀ ਦੇ ਚਾਲਕ ਗੁਲਾਬ ਸਿੰਘ ਵਾਸੀ ਸਿਗੋਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹੋਰ ਮਾਮਲੇ ਵਿੱਚ ਗੁਲਾਬ ਸਿੰਘ ਸਿੰਘ ਵਾਸੀ ਬਠਿੰਡਾ ਨੇ ਥਾਣਾ ਤਲਵੰਡੀ ਸਾਬੋ ਵਿੱਚ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਮਾਸੀ ਮਨਜੀਤ ਕੌਰ ਨਾਲ ਆਟੋ ਰਿਕਸ਼ਾ ਵਿੱਚ ਜਾ ਰਿਹਾ ਸੀ। ਜਦੋਂ ਉਹ ਤਲਵੰਡੀ ਸਾਬੋ ਕੋਲ ਪੁੱਜੇ ਤਾਂ ਇਕ ਤੇਜ਼ ਰਫ਼ਤਾਰ ਬੱਸ ਦੇ ਚਾਲਕ ਕਰਨਵੀਰ ਸਿੰਘ ਨੇ ਆਟੋ ਵਿੱਚ ਟੱਕਰ ਮਾਰੀ। ਇਸ ਹਾਦਸੇ ਵਿੱਚ ਗੁਲਾਬ ਸਿੰਘ ਤੇ ਉਸਦੀ ਮਾਸੀ ਮਨਜੀਤ ਕੌਰ ਦੋਵੇਂ ਜ਼ਖ਼ਮੀ ਹੋ ਗਏ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਕੋਲ ਸਤਨਾਮ ਸਿੰਘ ਵਾਸੀ ਪਿੰਡ ਝੱਖੜ (ਫਰੀਦਕੋਟ) ਨੇ ਬਿਆਨ ਦਿੱਤਾ ਕਿ ਉਹ ਆਪਣੀ ਬਾਈਕ ’ਤੇ ਸਵਾਰ ਹੋ ਕੇ ਸਥਾਨਕ ਨੰਨੀ ਛਾ ਚੌਕ ਕੋਲੋਂ ਲੰਘ ਰਿਹਾ ਸੀ ਤਾਂ ਇੱਕ ਕੈਂਟਰ ਦੇ ਚਾਲਕ ਬਲਵਿੰਦਰ ਸਿੰਘ ਵਾਸੀ ਕੋਠੇ ਸੰਤਾ ਸਿੰਘ ਵਾਲੇ ਜ਼ਿਲ੍ਹਾ ਫਰੀਦਕੋਟ ਨੇ ਲਾਪਰਵਾਹੀ ਨਾਲ ਤੇਜ਼ ਰਫਤਾਰ ਕੈਂਟਰ ਉਸਦੇ ਮੋਟਰਸਾਈਕਲ ’ਚ ਮਾਰਿਆ, ਜਿਸ ਕਾਰਨ ਉਸਦੇ ਸੱਟਾਂ ਲੱਗੀਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।