ਟੈਲੀ ਪ੍ਰਾਈਮ ਫਾਰ ਅਕਾਊਂਟਿੰਗ ਵਿਸ਼ੇ ’ਤੇ ਕਰਵਾਇਆ ਸਮਾਗਮ
ਟੈਲੀ ਪ੍ਰਾਈਮ ਫਾਰ ਅਕਾਊਂਟਿੰਗ ਵਿਸ਼ੇ ਤੇ ਪ੍ਰੋਗਰਾਮ ਕਰਵਾਇਆ
Publish Date: Mon, 04 May 2026 04:35 PM (IST)
Updated Date: Tue, 05 May 2026 04:03 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਟੈਲੀ ਪ੍ਰਾਈਮ ਫਾਰ ਅਕਾਊਂਟਿੰਗ ਤੇ ਇਕ ਦਿਨਾ ਵਿਦਿਆਰਥੀ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਵਿਭਾਗ ਦੇ ਬੀਕਾਮ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਡਾ. ਅਮਨਦੀਪ ਕੌਰ ਵੱਲੋਂ ਆਈਸੀਏ. ਐਜੂ ਸਕਿੱਲਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਈ-ਅਕਾਊਂਟਿੰਗ ਹੁਨਰਾਂ ਨੂੰ ਉਦਯੋਗ ਲਈ ਤਿਆਰ ਕਰਨ ਲਈ ਕਰਵਾਇਆ ਗਿਆ ਜਿਸ ਵਿੱਚ ਆਈਸੀਏ ਦੀ ਫੈਕਲਟੀ ਸ਼੍ਰੀਮਤੀ ਨੀਰੂ ਜਿੰਦਲ ਅਤੇ ਆਈਸੀਏ. ਦੇ ਸੈਂਟਰ ਡਾਇਰੈਕਟਰ ਮੋਨੂੰ ਜਿੰਦਲ ਦੁਆਰਾ ਸਿਖਲਾਈ ਦਿੱਤੀ ਗਈ। ਉਨ੍ਹਾਂ ਨੇ ਈ-ਅਕਾਊਂਟਿੰਗ ਅਭਿਆਸਾਂ ਦੀ ਸਿਖਲਾਈ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਹੁਨਰਮੰਦ ਲੇਖਾ ਪੇਸ਼ੇਵਰਾਂ ਦੀ ਘਾਟ ਬਾਰੇ ਬੋਲਦਿਆਂ ਦੱਸਿਆ ਕਿ ਲੇਖਾ ਸਾਫਟਵੇਅਰ ਸਿੱਖਣਾ ਅਤੇ ਕੰਮ ਕਰਨਾ ਇੱਕ ਫੁਲ ਟਾਈਮ ਜਾਂ ਫਿਰ ਪਾਰਟ ਟਾਈਮ ਪੇਸ਼ਾ ਵੀ ਹੋ ਸਕਦਾ ਹੈ ਅਤੇ ਲੋਕ ਆਪਣੇ ਘਰਾਂ ਤੋਂ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ। ਬੁਲਾਰਿਆਂ ਨੇ ਇਕ ਵਿਲੱਖਣ ਸੰਕਲਪ 'ਤੇ ਇਸ ਵਰਕਸ਼ਾਪ ਦੇ ਆਯੋਜਨ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਡਾ. ਅਮਨਦੀਪ ਕੌਰ ਨੇ ਬੁਲਾਰਿਆਂ ਅਤੇ ਵਰਕਸ਼ਾਪ ਦੇ ਉਦੇਸ਼ ਦੀ ਜਾਣ-ਪਛਾਣ ਕਰਵਾਈ ਅਤੇ ਵਿਭਾਗ ਦੇ ਮੁਖੀ ਡਾ. ਨਰਿੰਦਰ ਕੌਰ ਨੇ ਰਸਮੀ ਸਵਾਗਤੀ ਭਾਸ਼ਣ ਦੌਰਾਨ ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਨਾਲ ਪੇਸ਼ੇਵਰ ਅਭਿਆਸਾਂ ਦੀ ਸਿਖਲਾਈ ਦੀ ਜ਼ਰੂਰਤ 'ਤੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਵਿਭਾਗ ਵਿੱਚ ਅਜਿਹੇ ਹੋਰ ਵਿਦਿਆਰਥੀ-ਮੁਖੀ ਪ੍ਰੋਗਰਾਮਾਂ ਨੂੰ ਯਕੀਨੀ ਬਨਾਉਣ ਦਾ ਅਹਿਦ ਲਿਆ।