ਮੁੱਖ ਮੰਤਰੀ ਮਾਂਵਾ ਧੀਆਂ ਸਤਿਕਾਰ ਯੋਜਨਾ ਸਕੀਮ” ਸਬੰਧੀ ਵਿਸ਼ੇਸ਼ ਟ੍ਰੇਨਿੰਗ ਸੈਸ਼ਨ
ਮੁੱਖ ਮੰਤਰੀ ਮਾਂਵਾ ਧੀਆਂ ਸਤਿਕਾਰ ਯੋਜਨਾ
Publish Date: Sun, 03 May 2026 03:57 PM (IST)
Updated Date: Mon, 04 May 2026 04:03 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਮਗਸੀਪਾ ਹਾਲ ਵਿੱਚ “ਮੁੱਖ ਮੰਤਰੀ ਮਾਂਵਾ ਧੀਆਂ ਸਤਿਕਾਰ ਯੋਜਨਾ ਸਕੀਮ” ਸਬੰਧੀ ਇਕ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਅਤੇ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਾ ਸੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ “ਮੁੱਖ ਮੰਤਰੀ ਮਾਂਵਾ ਧੀਆਂ ਸਤਿਕਾਰ ਯੋਜਨਾ ਸਕੀਮ” ਬਾਰੇ ਵਿਸ਼ੇਸ਼ ਤੌਰ ’ਤੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਟ੍ਰੇਨਿੰਗ ਸਟਾਫ਼ ਨਾਲ ਸੰਵਾਦ ਕਰਦੇ ਹੋਏ ਸਕੀਮ ਦੀ ਸਫ਼ਲ ਕਾਰਗੁਜ਼ਾਰੀ ਲਈ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਟ੍ਰੇਨਿੰਗ ਦੌਰਾਨ ਸਟਾਫ਼ ਨੂੰ ਲਾਭਪਾਤਰੀਆਂ ਦੀ ਪਛਾਣ, ਆਨਲਾਈਨ ਅਰਜ਼ੀ ਪ੍ਰਕਿਰਿਆ ਅਤੇ ਸਕੀਮ ਨਾਲ ਸਬੰਧਤ ਹੋਰ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ। ਇਸ ਦੌਰਾਨ ਸਕੀਮ ਬਾਰੇ ਦੱਸਿਆ ਗਿਆ ਕਿ ਇਹ ਸਕੀਮ ਮਹਿਲਾਵਾਂ ਅਤੇ ਬੱਚੀਆਂ ਦੀ ਭਲਾਈ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਲਾਜ਼ਮੀ ਹੈ। ਹਾਜ਼ਰੀਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਇਸ ਸਕੀਮ ਨੂੰ ਜ਼ਮੀਨੀ ਪੱਧਰ ‘ਤੇ ਸਫਲ ਬਣਾਉਣ ਲਈ ਪੂਰੀ ਜ਼ਿੰਮੇਵਾਰੀ ਅਤੇ ਨਿਸ਼ਠਾ ਨਾਲ ਕੰਮ ਕਰਨ। ਟ੍ਰੇਨਿੰਗ ਦੌਰਾਨ ਸਕੀਮ ਨੂੰ ਲਾਗੂ ਕਰਨ ਅਤੇ ਮੈਦਾਨੀ ਪੱਧਰ ‘ਤੇ ਆ ਰਹੀਆਂ ਚੁਣੌਤੀਆਂ ਦੇ ਹੱਲ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਖੇਤਰੀ ਪ੍ਰੋਜੈਕਟ ਡਾਇਰੈਕਟਰ ਮੈਗਸੀਪਾ ਓਮ ਪ੍ਰਕਾਸ਼, ਜ਼ਿਲ੍ਹਾ ਪ੍ਰੋਗਰਾਮ ਅਫਸਰ, ਪੰਕਜ ਕੁਮਾਰ, ਜਿਲ੍ਹਾ ਪ੍ਰੋਗਰਾਮ ਅਫਸਰ, ਮਾਨਸਾ ਖੁਸ਼ਵੀਰ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਬਹਾਦੁਰ ਸਿੰਘ ਤੋਂ ਇਲਾਵਾ ਟ੍ਰੇਨਰ ਅਤੇ ਟ੍ਰੇਨਿੰਗ ਪ੍ਰਾਪਤ ਕਰਨ ਵਾਲਾ ਸਟਾਫ਼ ਆਦਿ ਹਾਜ਼ਰ ਸਨ।