ਜ਼ਿਲ੍ਹੇ ਦੇ ਸੈਂਟਰਾਂ ’ਚ ਕੜੀ ਸੁਰੱਖਿਆ ਹੇਠ ਲਿਆ ਨੀਟ ਦਾ ਪੇਪਰ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਮੈਡੀਕਲ ਦਾਖਲਾ ਪ੍ਰੀਖਿਆ ਲਈ ਜ਼ਿਲ੍ਹੇ ਦੇ ਵੱਖ-ਵੱਖ ਸੈਂਟਰਾਂ ’ਤੇ ਲੱਗੱਭਗ 3 ਹਜ਼ਾਰ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ । ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੜੀ ਸੁਰੱਖਿਆ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਇਸ ਲਈ ਸਭ ਤੋਂ ਪਹਿਲਾਂ ਗੇਟ ‘ਤੇ ਚੈਕਿੰਗ ਦੌਰਾਨ ਬੱਚਿਆਂ ਦੇ ਐਡਮਿਟ ਕਾਰਡ ਚੈਕ ਕੀਤੇ ਗਏ। ਇਸ ਤੋਂ ਬਾਅਦ ਮੈਟਲ ਡਿਟੈਕਟਰ ਨਾਲ ਜਾਂਚ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਕੋਲ ਕੋਈ ਇਲੈਕਟ੍ਰਾਨਿਕ ਡਿਵਾਈਸ ਨਾ ਹੋਵੇ। ਫਿਰ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਆਨਲਾਈਨ ਜਾਂਚ ਕੀਤੀ ਗਈ। ਜ਼ਿਲ੍ਹੇ ਵਿਚ ਕੁੱਲ 7 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਇਨ੍ਹਾਂ ਵਿੱਚ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਯ ਨੰਬਰ 1, ਨੰਬਰ 4 ਅਤੇ ਨੰਬਰ 5, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮੀਨੈਂਸ ਪਰਸ ਰਾਮ ਨਗਰ ਅਤੇ ਆਰਮੀ ਪਬਲਿਕ ਸਕੂਲ ਸ਼ਾਮਲ ਸਨ। ਪ੍ਰੀਖਿਆ ਵਿਚ ਗੜਬੜੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਪ੍ਰੀਖਿਆ ਨੂੰ ਪੂਰੀ ਸਖ਼ਤੀ ਨਾਲ ਕਰਵਾਇਆ ਗਿਆ। ਹਰ ਸੈਂਟਰ ਦੇ ਬਾਹਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਵਿਦਿਆਰਥੀਆਂ ਦੇ ਐਡਮਿਟ ਕਾਰਡ ਦੀ ਵੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪ੍ਰੀਖਿਆ ਦੇ ਨਿਯਮਾਂ ਅਨੁਸਾਰ ਜਿਹੜੇ ਵਿਦਿਆਰਥੀ ਬੂਟ ਆਦਿ ਪਾ ਕੇ ਆਏ ਸਨ, ਉਨ੍ਹਾਂ ਨੂੰ ਬਾਹਰ ਹੀ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਡਰੈੱਸ ’ਚ ਆਉਣ ਤੋਂ ਬਾਅਦ ਹੀ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਗਈ। ਪ੍ਰੀਖਿਆ ਲਈ ਵਿਦਿਆਰਥੀਆਂ ਦੀ ਐਂਟਰੀ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਗੇਟ ਬੰਦ ਕਰਨ ਦਾ ਸਮਾਂ ਦੁਪਹਿਰ 1:30 ਵਜੇ ਰੱਖਿਆ ਗਿਆ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ। ਇਸ ਦੌਰਾਨ ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ, ਮਾਸਕ ਅਤੇ ਪੈਨ ਆਦਿ ਸੈਂਟਰ ’ਤੇ ਹੀ ਉਪਲੱਬਧ ਕਰਵਾਏ ਗਏ। ਵਿਦਿਆਰਥੀਆਂ ਲਈ ਚੱਪਲ ਪਾ ਕੇ ਆਉਣਾ ਲਾਜ਼ਮੀ ਸੀ। ਜਿਹੜੇ ਵਿਦਿਆਰਥੀ ਬੂਟ ਪਾ ਕੇ ਆਏ, ਉਨ੍ਹਾਂ ਦੇ ਬੂਟ ਉਤਾਰ ਕੇ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਕਿਸੇ ਵੀ ਇਲੈਕਟ੍ਰਾਨਿਕ ਡਿਵਾਈਸ ਦੇ ਇਸਤੇਮਾਲ ਨੂੰ ਰੋਕਣ ਲਈ ਜੈਮਰ ਵੀ ਲਗਾਏ ਗਏ ਸਨ। ਪ੍ਰੀਖਿਆ ਪੂਰੀ ਤਰ੍ਹਾਂ ਪੈਨ ਅਤੇ ਪੇਪਰ ਮੋਡ ਵਿਚ ਕਰਵਾਈ ਗਈ। ਇਹ ਪ੍ਰੀਖਿਆ ਐੱਮਬੀਬੀਐੱਸ, ਬੀਡੀਐੱਸ, ਬੀਐੱਚਐੱਮਐੱਸ, ਬੀਵਾਈਐੱਮਐੱਸ, ਬੀਯੂਐੱਮਐੱਸ, ਬੀਐਸਸੀ ਅਤੇ ਚੋਣਵੇਂ ਬੀਐਸਸੀ ਨਰਸਿੰਗ ਕੋਰਸਾਂ ਵਿਚ ਦਾਖਲੇ ਲਈ ਲਿਆ ਗਿਆ। ਪ੍ਰੀਖਿਆ ਦੌਰਾਨ ਕਿਸੇ ਵੀ ਵਿਦਿਆਰਥੀ ਨੂੰ ਕੈਲਕੂਲੇਟਰ, ਮੋਬਾਈਲ ਫੋਨ, ਘੜੀ, ਬਲੂਟੂਥ ਜਾਂ ਹੋਰ ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਅੰਦਰ ਲਿਜਾਣ ਦੀ ਮਨਜੂਰੀ ਨਹੀਂ ਦਿੱਤੀ ਗਈ। ਇਸ ਲਈ ਸੁਰੱਖਿਆ ਪੱਖੋਂ ਖ਼ਾਸ ਚੈਕਿੰਗ ਕੀਤੀ ਗਈ। ਪ੍ਰੀਖਿਆ ਕੇਂਦਰਾਂ ਦੇ ਬਾਹਰ ਪੰਜਾਬ ਪੁਲਿਸ ਵੀ ਤਾਇਨਾਤ ਰਹੀ ਅਤੇ ਜ਼ਿਲ੍ਹੇ ਵਿਚ ਪ੍ਰੀਖਿਆ ਸੁਚੱਜੇ ਢੰਗ ਨਾਲ ਸਫਲਤਾਪੂਰਵਕ ਸੰਪੰਨ ਹੋਈ।